ਕਮਲਾ ਹੈਰਿਸ ਸਹੁੰ ਚੁੱਕ ਸਮਾਰੋਹ ਦੌਰਾਨ ਜਾਣੋ ਕਿਸ ਕੋਲੋਂ ਲਵੇਗੀ ਹਲਫ਼
Photo- CBNS
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਜਨਵਰੀ 2021: ਉਪ-ਰਾਸ਼ਟਰਪਤੀ ਚੁਣੀ ਕਮਲਾ ਹੈਰਿਸ ਬੁੱਧਵਾਰ ਦੇ ਦਿਨ ਸਹੁੰ ਚੁੱਕ ਸਮਾਗਮ ਦੌਰਾਨ ਉਦਘਾਟਨ ਸਮੇਂ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਤੋਮਯੋਰ ਕੋਲੋਂ ਸਹੁੰ ਚੁੱਕੇਗੀ ਜੋ ਕਿ ਇੱਕ ਇਤਿਹਾਸ ਰਚਣ ਵਾਲੀ ਗੱਲ ਹੋਵੇਗੀ। ਕਮਲਾ ਹੈਰਿਸ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਉਪ ਰਾਸ਼ਟਰਪਤੀ ਚੁਣੀ ਗਈ ਹੈ। ਕਮਲਾ ਹੈਰਿਸ ਸੁਪਰੀਮ ਕੋਰਟ ਦੀ ਪਹਿਲੀ ਲੈਟਿਨਾ ਜਸਟਿਸ ਤੋਂ ਆਪਣੇ ਅਹੁਦੇ ਦੀ ਸਹੁੰ ਲਵੇਗੀ। ਕਮਲਾ ਹੈਰਿਸ, ਜਸਟਿਸ ਸੋਤੋਮਯੋਰ ਦੇ ਪਿਛੋਕੜ ਤੋਂ ਪ੍ਰੇਰਿਤ ਹੈ। ਇਸਦੇ ਇਲਾਵਾ ਸਹੁੰ ਚੁੱਕ ਸਮਾਰੋਹ ਦੇ ਇਤਿਹਾਸਕ ਦਿਨ ਲਈ, ਹੈਰਿਸ ਨੇ ਦੋ ਬਾਈਬਲਾਂ ਦੀ ਚੋਣ ਕੀਤੀ ਹੈ, ਜਿਹਨਾਂ ਵਿੱਚੋਂ ਇੱਕ ਰੇਜੀਨਾ ਸ਼ੈਲਟਨ ਨਾਲ ਸਬੰਧਤ ਸੀ, ਜੋ ਕਿ ਹੈਰਿਸ ਅਤੇ ਉਸਦੀ ਭੈਣ ਮਾਇਆ ਲਈ ਦੂਜੀ ਮਾਂ ਵਰਗੀ ਸੀ।
ਹੈਰਿਸ ਨੇ ਆਪਣੀ ਸਾਰੀ ਉਮਰ ਸ਼ੈਲਟਨ ਦੀ ਯਾਦ ਨੂੰ ਕਾਇਮ ਰੱਖਿਆ ਅਤੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਅਤੇ ਸੰਯੁਕਤ ਰਾਜ ਦੀ ਸੈਨੇਟ ਦੇ ਸਹੁੰ ਚੁੱਕਣ ਵੇਲੇ ਵੀ ਹੈਰਿਸ ਨੇ ਸ਼ੈਲਟਨ ਦੀ ਬਾਈਬਲ ਦੀ ਵਰਤੋਂ ਕੀਤੀ ਸੀ ਜਦਕਿ ਦੂਜੀ ਬਾਈਬਲ ਸੁਪਰੀਮ ਕੋਰਟ ਦੇ ਜਸਟਿਸ ਥੁਰਗੁਡ ਮਾਰਸ਼ਲ ਨਾਲ ਸਬੰਧਤ ਹੈ, ਜਿਸਨੇ ਹੈਰਿਸ ਦੇ ਕਰੀਅਰ ਦੇ ਰਸਤੇ ਨੂੰ ਪ੍ਰੇਰਿਤ ਕੀਤਾ ਸੀ। ਹੈਰਿਸ ਨੇ ਹਾਵਰਡ ਯੂਨੀਵਰਸਿਟੀ ਤੋਂ ਦਸਵੀਂ ਪਾਸ ਕਰਨ ਦਾ ਸਿਹਰਾ ਵੀ ਮਾਰਸ਼ਲ ਨੂੰ ਦਿੱਤਾ ਹੈ ਜਿਸਨੇ ਕਿ ਇਤਿਹਾਸਕ ਤੌਰ 'ਤੇ ਬਲੈਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। 20 ਜਨਵਰੀ ਨੂੰ ਹੋ ਰਹੇ ਇਸ ਸਹੁੰ ਚੁੱਕ ਸਮਾਗਮ ਵਿੱਚ ਜਸਟਿਸ ਸੋਨੀਆ ਸੋਤੋਮਯੋਰ ਦੂਸਰੀ ਵਾਰ ਇਸ ਤਰ੍ਹਾਂ ਦੇ ਸਮਾਗਮ ਵਿੱਚ ਹਿੱਸਾ ਲੈ ਰਹੀ ਹੈ , ਇਸ ਤੋਂ ਪਹਿਲਾਂ ਉਸਨੇ 2013 ਵਿੱਚ ਰਾਸ਼ਟਰਪਤੀ ਚੁਣੇ ਜੋਅ ਬਾਈਡੇਨ ਨੂੰ ਉਪ ਰਾਸ਼ਟਰਪਤੀ ਵਜੋਂ ਸਹੁੰ ਚੁਕਵਾਈ ਸੀ।