ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਜਨਵਰੀ 2021-ਮੇਲਾ ਮਾਘੀ ਦੌਰਾਨ ਜਿੱਥੇ ਜ਼ਿਲ੍ਹਾ ਪੁਲਸ ਲੋਕਾਂ ਦੀ ਸੁਰੱਖਿਆ ਲਈ ਮੁਸਤੈਦ ਹੈ, ਉਥੇ ਹੀ ਨਸ਼ਿਆਂ ਖ਼ਿਲਾਫ਼ ਵੀ ਪੂਰੀ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਥਾਣਾ ਸਿਟੀ, ਸਦਰ ਤੇ ਬਰੀਵਾਲਾ ਪੁਲਸ ਨੇ ਅਜਿਹੇ ਹੀ ਚਾਰ ਮਾਮਲੇ ਦਰਜ ਕੀਤੇ ਹਨ, ਜਿਸ ਵਿੱਚ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਦੀ ਖੇਪ ਸਮੇਤ ਪੰਜ ਜਣਿਆਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਜ਼ਿਲ੍ਹਾ ਪੁਲਸ ਵੱਲੋਂ ਜੋ ਮਾਮਲੇ ਦਰਜ ਕੀਤੇ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-
ਬਾਕਸ
ਥਾਣਾ ਸਿਟੀ ਪੁਲਸ ਨੇ ਫੜ੍ਹੀਆਂ ਸ਼ਰਾਬ ਦੀਆਂ 371 ਬੋਤਲਾਂ, 3 ਸਮੱਗਲਰ ਵੀ ਕਾਬੂ
ਥਾਣਾ ਸਿਟੀ ਪੁਲਸ ਟੀਮਾਂ ਨੇ ਦੋ ਵੱਖ-ਵੱਖ ਮਾਮਲਿਆਂ ਨਜਾਇਜ਼ ਸ਼ਰਾਬ ਦੀਆਂ 371 ਬੋਤਲਾਂ ਬਰਾਮਦ ਕੀਤੀਆਂ ਹਨ, ਜਿਸ ਤਹਿਤ ਤਿੰਨ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਬੂੜਾ ਗੁੱਜਰ ਰੋਡ ਸਥਿਤ ਪਿੰਡ ਕੋਟਲੀ ਨੇੜੇ ਸਿਵਿਆਂ ਕੋਲ ਬਣੀਆਂ ਝਾੜੀਆਂ ’ਚ ਨਜਾਇਜ਼ ਸ਼ਰਾਬ ਲੁਕੋ ਕੇ ਰੱਖੀ ਹੋਈ ਹੈ , ਜਿਸ ਤੋਂ ਬਾਅਦ ਪੁਲਸ ਨੇ ਝਾੜੀਆਂ ਦੀ ਤਲਾਸ਼ੀ ਲਈ ਤਾਂ ਉਥੋਂ 12 ਬੋਤਲਾਂ ਆਲ ਸੀਜ਼ਨ, 12 ਬੋਤਲਾਂ ਰੋਇਲ ਸਟੈਗ, 24 ਬੋਤਲਾਂ ਜੁਬਲੀ, 11 ਬੋਤਲਾਂ ਫਸਟ ਚੁਆਇਸ ਦੀਆਂ ਮਿਲੀਆਂ। ਪੁਲਸ ਨੇ ਸ਼ਰਾਬ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਮਾਮਲੇ ਵਿੱਚ ਉਦੇਕਰਨ ਰੋਡ ਨੇੜੇ ਲਗਾਏ ਗਏ ਨਾਕੇ ਦੌਰਾਨ ਇੱਕ ਮਰੂਤੀ ਕਾਰ ਨੰਬਰ ਪੀਬੀ30 ਬੀ 8499 ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਗਿਆ, ਜਿਸ ਵਿੱਚ ਤਿੰਨ ਜਣੇ ਸਵਾਰ ਸਨ। ਜਦੋਂ ਕਾਰ ਦੀ ਡਿੱਗੀ ਦੀ ਤਲਾਸ਼ੀ ਲਈ ਗਈ ਤਾਂ ਉਥੋਂ ਫਸਟ ਚੁਆਇੰਸ ਮਾਰਕਾ ਦੀਆਂ 312 ਬੋਤਲਾਂ ਮਿਲੀਆਂ। ਪੁਲਸ ਨੇ ਗੱਡੀ ਸਵਾਰਾਂ ਨੂੰ ਤੁਰੰਤ ਕਾਬੂ ਕਰ ਲਿਆ ਹੈ, ਜਿੰਨ੍ਹਾਂ ਦੀ ਪਛਾਣ ਕਪਿਲ ਕੁਮਾਰ ਪੁੱਤਰ ਕੈਲਾਸ਼ ਚੰਦਰ ਵਾਸੀ ਮਾਲ ਗੋਦਾਮ ਰੋਡ, ਸੋਨੂੰ ਪੁੱਤਰ ਰਾਜ ਕੁਮਾਰ ਵਾਸੀ ਬੂੜਾ ਗੁੱਜਰ ਰੋਡ ਤੇ ਧਰਮਵੀਰ ਸੋਨੀ ਪੁੱਤਰ ਸ਼ਾਮ ਲਾਲ ਵਾਸੀ ਚੰਦਗੀ ਰਾਮਵਾਲੀ ਗਲੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ, ਜਿੰਨ੍ਹਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਬਾਕਸ
ਸਦਰ ਪੁਲਸ ਤੇ ਬਰੀਵਾਲਾ ਪੁਲਸ ਨੇ ਨਜਾਇਜ਼ ਸ਼ਰਾਬ ਸਮੇਤ ਦੋ ਸਮੱਗਲਰ ਫੜ੍ਹੇ
-ਥਾਣਾ ਪੁਲਸ ਨੇ ਨਜਾਇਜ਼ ਸ਼ਰਾਬ ਦੀਆਂ 7 ਬੋਤਲਾਂ ਸਮੇਤ ਇੱਕ ਸਮੱਗਲਰ ਨੂੰ ਕਾਬੂ ਕੀਤਾ ਹੈ। ਪਿੰਡ ਅਟਾਰੀ ਦੇ ਰਹਿਣ ਵਾਲੇ ਸੋਹਨ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਘਰ ਕੀਤੀ ਰੇਡ ਦੌਰਾਨ ਪੁਲਸ ਨੇ ਇਹ ਬਰਾਮਦਗੀ ਕੀਤੀ ਹੈ, ਜਿਸ ਤੋਂ ਬਾਅਦ ਸਮੱਗਲਰ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
-ਥਾਣਾ ਬਰੀਵਾਲਾ ਪੁਲਸ ਨੇ ਗਸ਼ਤ ਦੌਰਾਨ ਪਿੰਡ ਵੰਗਲ ਤੋਂ ਸੀਰਵਾਲੀ ’ਤੇ ਸ਼ੱਕ ਦੇ ਅਧਾਰ ’ਤੇ ਰੋਕੇ ਗਏ ਇੱਕ ਵਿਅਕਤੀ ਤੋਂ ਨਜਾਇਜ਼ ਸ਼ਰਾਬ ਦੀਆਂ ਸਾਢੇ 8 ਬੋਤਲਾਂ ਬਰਾਮਦ ਕੀਤੀਆਂ ਹਨ। ਕਥਿਤ ਦੋਸ਼ੀ ਦੀ ਪਛਾਣ ਹਰਬੰਸ ਸਿੰਘ ਪੁੱਤਰ ਮਿੱਠੂ ਵਾਸੀ ਸੀਰਵਾਲੀ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।