ਹਰੀਸ਼ ਕਾਲੜਾ
ਰੂਪਨਗਰ, 18 ਜਨਵਰੀ 2021: ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਸਬੰਧੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਮੁਫਤ ਕੋਚਿੰਗ ਪ੍ਰਦਾਨ ਕਰਨ ਦਾ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿਨੇਸ਼ ਵਸ਼ਿਸ਼ਟ ਵਧੀਕ ਡਿਪਟੀ ਕਮਿਸ਼ਨਰ ਵਿਕਾਸ -ਕਮ- ਸੀ.ਈ.ਓ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਇਹ ਮੁਫ਼ਤ ਕੋਚਿੰਗ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿੱਦਿਅਕ ਯੋਗਤਾ ਰੱਖਣ ਵਾਲੇ ਨੌਜਵਾਨਾਂ ਨੂੰ ਦਿੱਤੀ ਜਾਵੇਗੀ। ਇਸ ਵਿੱਚ ਕੁੱਲ 40 ਸੀਟਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮਿਤੀ: 19 ਜਨਵਰੀ 2021 ਨੂੰ ਸਵੇਰੇ 10:30 ਵਜੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗਰਾਊਂਡ ਫਲੋਰ, ਮਿੰਨੀ ਸਕੱਤਰੇਤ, ਰੂਪਨਗਰ ਵਿਖੇ ਪ੍ਰਾਰਥੀਆਂ ਦਾ ਇੱਕ ਆਮ ਜਾਣਕਾਰੀ ਅਤੇ ਐਪਟੀਚਿਊਡ ਟੈੱਸਟ ਲਿਆ ਜਾਵੇਗਾ। ਟੈਸਟ ਵਿੱਚ ਪਾਸ ਹੋਣ ਵਾਲੇ ਪ੍ਰਾਰਥੀਆਂ ਦੀ ਰੈਂਕਿੰਗ ਤਿਆਰ ਕੀਤੀ ਜਾਵੇਗੀ ਅਤੇ ਰੈਂਕਿੰਗ ਦੇ ਅਧਾਰ ਤੇ ਹੀ 40 ਯੋਗ ਪ੍ਰਾਰਥੀਆਂ ਦੀ ਸੂਚੀ ਤਿਆਰ ਕਰਨ ਉਪਰੰਤ ਯੋਗ ਨੌਜਵਾਨਾਂ ਨੂੰ ਮੁਫਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ। ਰਮਨਦੀਪ ਕੌਰ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਜਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਟੈਸਟ ਵਿੱਚ ਭਾਗ ਲੈਕੇ ਸੁਨਹਿਰੇ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ।