ਅਸ਼ੋਕ ਵਰਮਾ
ਚੰਡੀਗੜ, 18 ਜਨਵਰੀ 2021: ਕਿਸਾਨੀ ਸੰਘਰਸ਼ ਕਾਰਨ ਬਦਲੇ ਹਵਾ ਦੇ ਰੁਖ ਦਾ ਅਸਰ ਹੈ ਕਿ ਇੱਕ ਨੌਜਵਾਨ ਡਾਕਟਰ ਨੇ ਆਪਣੇ ਵਿਆਹ ਸਮਾਗਮ ਦੌਰਾਨ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ ਅਤੇ ਕਿਸਾਨੀ ਝੰਡਾ ਲਹਿਰਾਇਆ। ਸੋਚਾਂ ਨੇ ਨਵੀਂ ਉਡਾਰੀ ਮਾਰੀ ਅਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਲਹਿਰਾਕੇ ਬਰਾਤਾਂ ਦੀ ਰਵਾਨਗੀ ਹੋਣ ਲੱਗੀ ਤਾਂ ਪਾਵਰਕਾਮ ਵਿੱਚੋਂ ਸੇਵਾ ਮੁਕਤ ਇੰਜ. ਅੰਗਰੇਜ ਸਿੰਘ ਜੋ ਭਦੌੜ ਦੇ ਮੂਲ ਨਿਵਾਸੀ ਹਨ, ਦੇ ਬੇਟੇ ਡਾ. ਮਨਵੀਰ ਸਿੱਧੂ ਨੇ ਖੇਤੀ ਕਾਨੂੰਨਾਂ ਖਿਲਾਫ ਨਵਾਂ ਸੁਨੇਹਾਂ ਦਿੱਤਾ। ਮੋਹਾਲੀ ਤੋਂ ਚੱਲੀ ਬਰਾਤ ਜਿਉਂ ਹੀ ਹੁਸ਼ਿਆਰਪੁਰ ਦੇ ਮੈਰਿਜ ਪੈਲੇਸ ਵਿੱਚ ਦਾਖਲ ਹੋਈ ਤਾਂ ਇੰਜ. ਅੰਗਰੇਜ ਸਿੰਘ ਨੇ ਬੀਕੇਯੂ ਏਕਤਾ ਡਕੌਂਦਾ ਦਾ ਲਹਿਰਾਉਂਦਾ ਝੰਡਾ ਚੁੱਕਿਆ ਹੋਇਆ ਸੀ। ਪ੍ਰੀਵਾਰ ਸਾਰਾ ਕਦਮ ਤਾਲ ਮਿਲਾਕੇ ਚੱਲ ਰਿਹਾ ਸੀ। ਫੌਜੀ ਬੈਂਡ(ਬਾਜਾ) ਵੱਜ ਰਿਹਾ ਸੀ।
ਦੂਜੇ ਪਾਸਿਉਂ ਲੜਕੀ ਡਾਕਟਰ ਨੂਪੁਰ ਸੈਣੀ ਦਾ ਪਿਤਾ ਦਵਿੰਦਰ ਸਿੰਘ ਵੀ ਸਾਹਮਣਿਉਂ ਪੰਜਾਬ ਕਿਸਾਨ ਸਭਾ ਦਾ ਲਾਲ ਝੰਡਾ ਹੱਥ ਵਿੱਚ ਚੁੱਕੀ ਖੁਸ਼ੀ ਖੁਸ਼ੀ ਬਰਾਤੀ ਸੱਜਣਾਂ ਦਾ ਇੰਤਜਾਰ ਕਰ ਰਿਹਾ ਸੀ। ਬਹੁਤ ਅਦਬ ਮਾਣ ਸਤਿਕਾਰ ਨਾਲ ਦੋਨੋਂ ਪ੍ਰੀਵਾਰਾਂ ਨੇ ਬੈਂਡ ਦੀ ਧੁਨ ਮੱਧਮ ਪੈਣ ਸਾਰ ਕਦਮ ਅੱਗੇ ਵਧਾਏ , ਝੰਡੇ ਹਵਾ ਵਿੱਚ ਲਹਿਰਾਏ ਅਤੇ ਇੱਕ ਦੂਜੇ ਨੂੰ ਸੋਂਪ ਦਿੱਤੇ। ਤਾੜੀਆਂ ਦੀ ਗੜਗੜਾਹਟ ‘‘ਇਨਕਲਾਬ-ਜਿੰਦਾਬਦ, ਕਿਸਾਨ ਏਕਤਾ-ਜਿੰਦਾਬਦ, ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ, ਅਡਾਨੀਆਂ-ਅੰਬਾਨੀਆਂ ਦੀ ਦਲਾਲ ਭਾਰਤੀ ਹਕੂਮਤ ਮੁਰਦਾਬਾਦ’’ ਅਕਾਸ਼ ਗੁੰਜਾਊ ਨਾਹਰਿਆਂ ਦੀ ਗੂੰਜ ਪੈਂਦੀ ਰਹੀ। ਸ਼ਾਮਿਲ ਦੇਵੇਂ ਪ੍ਰੀਵਾਰਾਂ ਦੇ ਮੈਂਬਰਾਂ ਨੇ ਪੂਰੀ ਗਰਮਜੋਸ਼ੀ ਨਾਲ ਜਵਾਬ ਦਿੱਤਾ। ਫੁੱਲਾਂ ਨਾਲ ਸਜੇ ਵੈਡਲੋਕ ਪੈਲਸ ਵਿੱਚ ਇੱਕ ਵਾਰ ਤਾਂ ਭੁਲੇਖਾ ਕਿਸੇ ਕਾਨਫਰੰਸ ਹਾਲ ਦਾ ਪੈ ਰਿਹਾ ਸੀ। ਅਜਿਹਾ ਸਾਰਾ ਕੁੱਝ ਐਵੇਂ ਨਹੀਂ ਵਾਪਰਨ ਲੱਗਿਆ।
ਜੂਨ ਮਹੀਨੇ ਮੋਦੀ ਹਕੂਮਤ ਨੇ ਜਦ ਸਾਰਾ ਮੁਲਕ ਕੋਵਿਡ-੧੯ ਦੀ ਦਹਿਸ਼ਤ ਦੇ ਸਾਏ ਹੇਠ ਘਰਾਂ ਵਿੱਚ ਕੈਦ ਕੀਤਾ ਹੋਇਆ ਸੀ ਤਾਂ ਦੂਜੇ ਪਾਸੇ ਮੋਦੀ ਹਕੂਮਤ ਇਸ ਮੌਕੇ ਨੂੰ ਸੁਹਾਵਣਾ ਮੌਕਾ ਸਮਝਦੀ ਹੋਈ ਠੇਕਾ, ਮੰਡੀ ਅਤੇ ਜਖੀਰੇਬਾਜੀ ਦਾ ਕਾਨੂੰਨ ਲਿਆਕੇ ਖੇਤੀ ਅਤੇ ਪੇਂਡੂ ਸੱਭਿਅਤਾ ਨੂੰ ਤਬਾਹ ਕਰਨ ਲਈ ਤਰਲੋਮੱਛੀ ਸੀ। ਮੋਦੀ ਹਕੂਮਤ ਅਜਿਹਾ ਸਾਰਾ ਕੁੱਝ ਲੁਟੇਰੇ ਧਾੜਵੀਆਂ ਦੇ ਹਿੱਤਾਂ ਲਈ ਵਿਸ਼ਵ ਵਪਾਰ ਸੰਸਥਾ,ਕੌਮਾਂਤਰੀ ਮੁਦਾਰ ਫੰਡ ਜਿਹੀਆਂ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰ ਰਹੀ ਹੈ। ਇਸ ਵੱਡੇ ਖਤਰੇ ਦੇ ਸਨਮੁੱਖ ਲੰਬੇ ਦੀ ਕਿਸਾਨ ਜਥੇਬੰਦੀਆਂ ਦੀ ਲੰਬੇ ਦਾਅ ਦੀ ਤਿਆਰੀ ਤੋਂ ਬਾਅਦ ਹਾਲਤਾਂ ਨੇ ਮੋੜਾ ਕੱਟਿਆ। ਬੁੱਧੀਜੀਵੀਆਂ, ਰੰਗਕਰਮੀਆਂ, ਗੀਤਕਾਰਾਂ , ਕਲਮਕਾਰਾਂ ਨੇ ਆਪਣੇ ਮੁਹਾਣ ਬਦਲੇ ਹਨ। ਮੌਜੂਦਾ ਕਿਸਾਨ ਲਹਿਰ ਨੇ ਇਤਿਹਾਸ ਵਿੱਚ ਨਿਵੇਕਲੀ ਥਾਂ ਹਾਸਲ ਕਰ ਲਈ ਹੈ।