Photo : ABC News
ਅਮਰੀਕੀ ਸੈਨਾ ਨੇ ਸੋਮਾਲੀਆ ਤੋਂ ਸੈਨਿਕ ਬਲਾਂ ਦੇ ਵਾਪਿਸ ਆਉਣ ਦੀ ਕੀਤੀ ਪੁਸ਼ਟੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 19 ਜਨਵਰੀ 2021
ਅਮਰੀਕੀ ਸੈਨਾ ਜੋ ਕਿ ਵਿਸ਼ਵ ਭਰ ਦੀਆਂ ਸੈਨਾਵਾਂ ਵਿੱਚੋਂ ਤਾਕਤਵਰ ਮੰਨੀ ਜਾਂਦੀ ਹੈ, ਦੁਨੀਆਂ ਦੇ ਕਈ ਦੇਸ਼ਾਂ ਨੂੰ ਸੁਰੱਖਿਆ ਸਹਾਇਤਾ ਪ੍ਰਦਾਨ ਕਰਦੀ ਹੈ। ਅਫਰੀਕੀ ਦੇਸ਼ ਸੋਮਾਲੀਆ ਵਿੱਚ ਵੀ ਅਮਰੀਕੀ ਸੈਨਾ ਦੇ ਜਵਾਨ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਪਿਛਲੇ ਸਾਲ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉਸਦੇ ਅਖੀਰਲੇ ਕਾਰਜਾਂ ਤਹਿਤ ਸੋਮਾਲੀਆ ਵਿੱਚੋਂ ਸੈਨਿਕ ਬਲਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸਦੇ ਸੰਬੰਧ ਵਿੱਚ ਹੁਣ ਅਮਰਕੀ ਸੈਨਾ ਅਨੁਸਾਰ ਸੋਮਾਲੀਆ ਤੋਂ ਫ਼ੌਜ ਦੀ ਵਾਪਸੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਸੰਬੰਧ ਵਿੱਚ ਕੁੱਝ ਮਾਹਰਾਂ ਨੇ ਸੋਮਾਲੀਆ ਲਈ ਇਸ ਕਾਰਵਾਈ ਨੂੰ ਇੱਕ ਨੁਕਸਾਨ ਦੱਸਿਆ ਹੈ, ਕਿਉਂਕਿ ਇਸ ਨਾਲ ਅੰਦਾਜ਼ਨ 700 ਅਮਰੀਕੀ ਫੌਜੀ ਜਵਾਨਾਂ ਦੀ ਵਾਪਸੀ ਸੋਮਾਲੀਆ ਦੀਆਂ ਰਾਸ਼ਟਰੀ ਚੋਣਾਂ ਵਿੱਚ ਰਹਿੰਦੇ ਲੱਗਭਗ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਪਹਿਲਾਂ ਹੋਈ ਹੈ ਜਦਕਿ ਦੇਸ਼ ਵਿੱਚ ਅਲ ਕਾਇਦਾ ਨਾਲ ਜੁੜੇ ਅਲ-ਸ਼ਬਾਬ ਕੱਟੜਪੰਥੀ ਸਮੂਹ ਨੇ ਆਪਣੀ ਕੁਸ਼ਲਤਾ ਨੂੰ ਬਿਹਤਰ ਬਣਾਇਆ ਹੈ। ਸੰਯੁਕਤ ਰਾਜ ਦੇ ਸੈਨਿਕ ਜਵਾਨਾਂ ਨੇ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਸੋਮਾਲੀਆ ਫੌਜਾਂ ਨੂੰ ਸਿਖਲਾਈ ਦੇਣ ਦੇ ਨਾਲ ਅੱਤਵਾਦ ਵਿਰੁੱਧ ਉਹਨਾਂ ਦੀ ਸਹਾਇਤਾ ਵੀ ਕੀਤੀ ਹੈ। ਸੋਮਾਲੀਆ ਤੋਂ ਬਾਅਦ ਸੈਨਿਕ ਬਲਾਂ ਨੂੰ ਹੋਰ ਅਫਰੀਕੀ ਦੇਸ਼ਾਂ ਜਿਵੇਂ ਕਿ ਕੀਨੀਆ ਅਤੇ ਜਾਇਬੂਤੀ ਆਦਿ ਭੇਜਿਆ ਜਾ ਰਿਹਾ ਹੈ। ਸੋਮਾਲੀਆ ਵਿੱਚੋਂ ਫੌਜਾਂ ਦੀ ਵਾਪਸੀ ਦਾ ਐਲਾਨ ਟਰੰਪ ਪ੍ਰਸ਼ਾਸਨ ਦੁਆਰਾ ਪਿਛਲੇ ਸਾਲ ਦੇ ਅੰਤ ਵਿੱਚ ਕੀਤਾ ਗਿਆ ਸੀ ਜਿਸ ਲਈ 15 ਜਨਵਰੀ ਦੀ ਆਖਰੀ ਤਰੀਕ ਨਿਰਧਾਰਿਤ ਕੀਤੀ ਗਈ ਸੀ। ਸੰਯੁਕਤ ਰਾਜ ਦੀ ਫੌਜ, ਜਿਸ ਨੇ ਟਰੰਪ ਪ੍ਰਸ਼ਾਸਨ ਦੌਰਾਨ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਅਲ-ਸ਼ਬਾਬ ਅਤੇ ਹੋਰ ਛੋਟੇ ਸਮੂਹਾਂ ਦੇ ਵਿਰੁੱਧ ਕਈ ਹਵਾਈ ਹਮਲੇ ਕੀਤੇ ਹਨ, ਦੇ ਅਨੁਸਾਰ ਉਹ ਅਲ-ਸ਼ਬਾਬ ਕੱਟੜਪੰਥੀ ਸਮੂਹ ਜਿਸ ਕੋਲ ਅੰਦਾਜ਼ਨ 5,000 ਤੋਂ 10,000 ਲੜਾਕੂ ਹਨ, ਦੇ ਉੱਪਰ ਆਪਣਾ ਦਬਾਅ ਬਣਾਈ ਰੱਖੇਗੀ। ਇਸਦੇ ਇਲਾਵਾ ਸੰਯੁਕਤ ਰਾਜ ਅਫਰੀਕਾ ਦੇ ਕਮਾਂਡ ਕਮਾਂਡਰ, ਜਨਰਲ ਸਟੀਫਨ ਟਾਉਨਸੈਂਡ ਅਨੁਸਾਰ ਸੋਮਾਲੀਆ ਵਿੱਚੋ ਅਮਰੀਕੀ ਜਵਾਨਾਂ ਨੂੰ ਹਟਾਉਣ ਦੇ ਅਭਿਆਨ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।