ਰਾਜਵੰਤ ਸਿੰਘ
- ਗਊਸ਼ਾਲਾ ਪ੍ਰਬੰਧਕਾਂ ਨੇ ਮੌਕੇ ’ਤੇ ਜਾ ਕੇ ਗਊਧਨ ਨੂੰ ਕਰਾਇਆ ਅਜ਼ਾਦ
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ 2021-ਜ਼ਿਲ੍ਹੇ ਦੇ ਪਿੰਡ ਸਰਾਏਨਾਗਾ ਵਿਖੇ ਪ੍ਰਵਾਸੀ ਵਿਅਕਤੀ ਵੱਲੋਂ ਟਰੱਕ ਜ਼ਰੀਏ ਗਊਧਨ ਨੂੰ ਬੁੱਚੜਖ਼ਾਨੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਮਿਲੀ ਜਾਣਕਾਰੀ ’ਤੇ ਟਰੱਕ ਨੂੰ ਰਸਤੇ ਵਿੱਚ ਰੋਕ ਕੇ ਗਊਧਨ ਨੂੰ ਅਜ਼ਾਦ ਕਰਾਇਆ ਜਾ ਚੁੱਕਾ ਹੈ, ਪਰ ਰਸਤੇ ਵਿੱਚ ਟਰੱਕ ਦੇ ਹੋਏ ਐਕਸੀਡੈਂਟ ਵਿੱਚ ਟਰੱਕ ਚਾਲਕ ਜ਼ਖਮੀ ਵੀ ਹੋ ਗਿਆ ਹੈ, ਜੋ ਇਸ ਸਮੇਂ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ਉਧਰ ਇਸ ਮਾਮਲੇ ਵਿੱਚ ਬਰੀਵਾਲਾ ਪੁਲਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਾਮ ਦਰਸ਼ਨ ਪੁੱਤਰ ਹਰਚੰਦ ਵਾਸੀ ਪਿੰਡ ਸਰਦਾਰਪੁਰਾ ਜ਼ਿਲ੍ਹਾ ਫਾਜ਼ਿਲਕਾ ਨੇ ਪੁਲਸ ਨੂੰ ਦਰਜ ਕਰਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਦੋਸਤ ਿਸ਼ਨ ਕੁਮਾਰ ਪੁੱਤਰ ਆਤਮਾ ਵਾਸੀ ਅਜੀਮਗੜ੍ਹ ਨਾਲ ਪਿੰਡ ਸਰਾਏਨਾਗਾ ਵਿਖੇ ਮੌਜੂਦ ਸੀ, ਜਿੱਥੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਟਰੱਕ ’ਤੇ ਗਊਆਂ ਤੇ ਢੱਠਿਆਂ ਨੂੰ ਲੱਦਕੇ ਬੁੱਚੜਖ਼ਾਨੇ ਲਿਜਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਕਾਰ ’ਤੇ ਟਰੱਕ ਦਾ ਪਿੱਛਾ ਕੀਤਾ, ਜੋ ਅਜੇ ਕੋਟਕਪੂਰਾ ਰੋਡ ਸਥਿਤ ਪਿੰਡ ਵੜਿੰਗ ਦੇ ਟੋਲ ਪਲਾਜ਼ੇ ਕੋਲ ਹੀ ਪੁੱਜਿਆ ਸੀ। ਜਦੋਂ ਮੌਕੇ ’ਤੇ ਜਾ ਕੇ ਵੇਖਿਆ ਗਿਆ ਤਾਂ ਟਰੱਕ ਫੁੱਟਪਾਥ ਨਾਲ ਟਕਰਾਇਆ ਹੋਇਆ ਸੀ ਤੇ ਟਰੱਕ ਦਾ ਡਰਾਈਵਰ ਵੀ ਜ਼ਖਮੀ ਪਿਆ ਸੀ।
ਉਨ੍ਹਾਂ ਦੱਸਿਆ ਕਿ ਟਰੱਕ ਦਾ ਨੰਬਰ ਐਚਆਰ 65 ਏ 7862 ਤੇ ਡਰਾਈਵਰ ਦੀ ਸ਼ਨਾਖ਼ਤ ਮਨਜੀਤ ਸਿੰਘ ਪੁੱਤਰ ਪਰਵਿੰਦਰਪਾਲ ਸਿੰਘ ਵਾਸੀ ਸ਼ਾਹਬਾਦ ਪੁੱਡਾ ਕਲੋਨੀ ਕੁਰਕੁਸ਼ੇਤਰ ਵਜੋਂ ਹੋਈ ਹੈ, ਜਿਸਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਟਰੱਕ ਨੂੰ ਦਾਣਾ ਮੰਡੀ ਵਿੱਚ ਲਿਆਂਦਾ ਗਿਆ ਜਿੱਥੇ ਗਊਸ਼ਾਲਾ ਦੇ ਮੁਲਾਜ਼ਮਾਂ ਨੇ 15 ਢੱਠਿਆਂ ਨੂੰ ਅਜ਼ਾਦ ਕਰਾਕੇ ਗਊਸ਼ਾਲਾ ਵਿੱਚ ਛੱਡ ਦਿੱਤਾ ਗਿਆ ਹੈ। ਉਧਰ ਥਾਣਾ ਬਰੀਵਾਲਾ ਦੇ ਏਐਸਆਈ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਟਰੱਕ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਅੱਗੇ ਦੀ ਕਾਰਵਾਈ ਕਰ ਰਹੀ ਹੈ।