ਹਰਜਿੰਦਰ ਸਿੰਘ ਭੱਟੀ
- ਸਰਦੀਆਂ ਵਿੱਚ ਮੱਛੀਆਂ ਦੀ ਸਾਂਭ-ਸੰਭਾਲ ਜ਼ਰੂਰੀ ; ਸਰਦੀ ਵਿੱਚ ਮੱਛੀ ਦੇ ਬਿਮਾਰੀਆਂ ਨਾਲ ਲੜਣ ਦੀ ਕੁਦਰਤੀ ਸ਼ਕਤੀ ਵੀ ਘੱਟ ਜਾਂਦੀ ਹੈ
- ਬੱਦਲਵਾਈ ਦੌਰਾਨ ਪਾਣੀ ਵਿੱਚ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਤਲਾਅ ਵਿੱਚ ਤਾਜ਼ੇ ਪਾਣੀ ਜਾਂ ਏਰੇਟਰ ਦੀ ਵਰਤੋਂ ਕਰਨੀ ਚਾਹੀਦੀ ਹੈ
- ਪਾਣੀ ਦੇ ਪੀ.ਐਚ. ਦੀ ਜਾਂਚ ਰੋਜ਼ਾਨਾ ਕਰਨੀ ਚਾਹੀਦੀ ਹੈ; ਪੀ.ਐਚ. 7.0 ਤੋਂ ਥੱਲੇ ਚਲਿਆ ਜਾਵੇ ਤਾਂ ਤਲਾਅ ਵਿੱਚ 100 ਕਿੱਲੋ ਚੂਨਾ ਪ੍ਰਤੀ ਏਕੜ ਦੀ ਦਰ ਪਾਉਣਾ ਚਾਹੀਦਾ ਹੈ
ਐਸ.ਏ.ਐਸ ਨਗਰ, 19 ਜਨਵਰੀ 2021 - ਸਰਦੀਆਂ ਵਿੱਚ ਮੱਛੀਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਸਹਾਇਕ ਪ੍ਰੋਫੈਸਰ, ਡਾ. ਵਿਕਾਸ ਫੂਲੀਆ ਨੇ ਦੱਸਿਆ ਕਿ ਬਾਕੀ ਪਸ਼ੂ ਪਾਲਣ ਕਿੱਤਿਆਂ ਵਾਂਗ ਮੱਛੀ ਪਾਲਣ ਕਿੱਤੇ ਦੀ ਸਫ਼ਲਤਾ ਵੀ ਬਦਲਦੇ ਮੌਸਮ ਨਾਲ ਪ੍ਰਬੰਧਕੀ ਯੋਜਨਾ ਅਨੁਸਾਰ ਕੀਤੀ ਗਈ ਲੋਂੜੀਦੀ ਤਬਦੀਲੀ ਤੇ ਨਿਰਭਰ ਕਰਦੀ ਹੈ।
ਹੋਰ ਪਸ਼ੂਆਂ ਦੇ ਮੁਕਾਬਲੇ, ਮੱਛੀ ਦੇ ਸਰੀਰ ਦਾ ਤਾਪਮਾਨ ਉਸ ਦੇ ਆਲੇ-ਦੁਆਲੇ ਦੇ ਵਾਤਾਵਰਨ ਅਨੁਸਾਰ ਬਦਲਦਾ ਰਹਿੰਦਾ ਹੈ ਅਤੇ ਸਰਦੀਆਂ ਦੌਰਾਨ ਮੱਛੀ ਦੀ ਸਰੀਰਕ ਗਤੀਵਿਧੀ ਤਾਪਮਾਨ ਅਨੁਸਾਰ ਘਟਦੀ ਜਾਂਦੀ ਹੈ, ਜਿਸ ਦੇ ਸਿੱਟੇ ਵੱਜੋਂ ਮੱਛੀ ਦੀ ਖੁਰਾਕ ਲੋੜ, ਵਾਧਾ ਅਤੇ ਵਿਕਾਸ ਦਰ ਵੀ ਘੱਟ ਜਾਂਦੀ ਹੈ।
ਇਸ ਤੋਂ ਇਲਾਵਾ ਇਸ ਮੌਸਮ ਵਿੱਚ ਮੱਛੀ ਦੇ ਬਿਮਾਰੀਆਂ ਨਾਲ ਲੜਣ ਦੀ ਕੁਦਰਤੀ ਸ਼ਕਤੀ ਵੀ ਘੱਟ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਮਲਾ ਕਰ ਸਕਦੀਆਂ ਹਨ। ਇਸ ਲਈ ਸਰਦੀਆਂ ਦੌਰਾਨ ਕੁਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਿਆ ਜਾਵੇ, ਤਾਂ ਜੋ ਇਸ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਅਤੇ ਇਸ ਨਾਲ ਹੋਣ ਵਾਲੇ ਮਾਲੀ ਨੁਕਸਾਨ ਤੋਂ ਵੀ ਬਚਿਆ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਸਰਦੀਆਂ ਦੌਰਾਨ ਤਲਾਅ ਵਿੱਚ ਪਾਣੀ ਦੀ ਡੂੰਘਾਈ 6 ਫੁੱਟ ਤੱਕ ਰੱਖਣੀ ਚਾਹੀਦੀ ਹੈ। ਤਲਾਅ ਵਿੱਚ ਨਿਯਮਿਤ ਤੌਰ ‘ਤੇ ਤਾਜ਼ਾ ਪਾਣੀ ਪਾਉਣਾ ਜਾਂ ਮਿਲਾਉਣਾ ਚਾਹੀਦਾ ਹੈ।
ਸਰਦੀਆਂ ਵਿੱਚ ਖਾਸ ਤੌਰ ‘ਤੇ ਬੱਦਲਵਾਈ ਦੌਰਾਨ ਪਾਣੀ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਜਿਸ ਨੂੰ ਪੂਰਾ ਕਰਨ ਲਈ ਤਲਾਅ ਵਿੱਚ ਤਾਜ਼ੇ ਪਾਣੀ ਜਾਂ ਏਰੇਟਰ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਣੀ ਦੇ ਪੀ.ਐਚ. ਦੀ ਜਾਂਚ ਰੋਜ਼ਾਨਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਖ਼ਤਰਨਾਕ ਲੇਵਲ/ਸਤਰ ਤਕ ਨਾ ਪੁਹੰਚ ਸਕੇ। ਜੇਕਰ ਪੀ.ਐਚ. 7.0 ਤੋਂ ਥੱਲੇ ਚਲਿਆ ਜਾਵੇ ਤਾਂ 100 ਕਿੱਲੋ ਚੂਨਾ ਪ੍ਰਤੀ ਏਕੜ ਦੀ ਦਰ ਨਾਲ ਦੋ ਵਾਰ ਤਲਾਅ ਵਿੱਚ ਪਾਉਣਾ ਚਾਹੀਦਾ ਹੈ ਪਰ ਪੀ.ਐਚ. ਮਾਨ 8.5 ਤੋਂ ਵੱਧ ਹੋਣ ਦੀ ਸੂਰਤ ਵਿੱਚ ਚੂਨੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।
ਤਲਾਅ ਕਿਨਾਰੇ ਲੱਗੇ ਦਰੱਖਤ ਛਾਂਗ ਦੇਣੇ ਚਾਹੀਦੇ ਹਨ ਤਾਂ ਜੋ ਸੂਰਜ ਦੀ ਰੋਸ਼ਨੀ ਸਿੱਧੀ ਤਲਾਅ ਵਿੱਚ ਪ੍ਰਵੇਸ਼ ਕਰ ਸਕੇ। ਸਰਦੀਆਂ ਵਿੱਚ ਮੱਛੀ ਦੀ ਖੁਰਾਕ ਖ਼ਪਤ ਕਾਫ਼ੀ ਘੱਟ ਜਾਂਦੀ ਹੈ। ਇਸ ਲਈ ਇਹਨਾਂ ਚਾਰ ਮਹੀਨਿਆਂ ਵਿੱਚ ਖੁਰਾਕ 25-100% ਤੱਕ ਘਟਾ ਦੇਣੀ ਚਾਹੀਦੀ ਹੈ। ਜੈਵਿਕ ਖਾਦ ਦੀ ਵਰਤੋਂ ਵੀ ਘੱਟ ਜਾਂ ਬੰਦ ਕਰ ਦੇਣੀ ਚਾਹੀਦੀ ਹੈ। ਨਰਸਰੀ ਜਾਂ ਵੱਡੇ ਤਲਾਅ ਵਿੱਚ ਸ਼ਿਕਾਰੀ ਪੰਛੀਆਂ ਨੂੰ ਰੋਕਣ ਲਈ ਇਸ ਉੱਪਰ ਧਾਗਾ ਲਗਾ ਦੇਣਾ ਜ਼ਰੂਰੀ ਹੈ।
ਕਾਈ ਪੁਸ਼ਪ ਪੁੰਜ ਜਾਂ ਐਲਗਮ ਬਲੂਮ ਸਮੱਸਿਆ ਤੋਂ ਬਚਾਅ ਲਈ ਤਲਾਅ ਵਿੱਚ ਚੂਨਾ 50-100 ਕਿੱਲੋ ਪ੍ਰਤੀ ਏਕੜ ਜਾਂ ਫਿਰ ਲਾਲ ਦਵਾਈ 2-3 ਕਿੱਲੋ ਪ੍ਰਤੀ ਏਕੜ ਵੀ ਵਰਤੀ ਜਾ ਸਕਦੀ ਹੈ, ਪਰ ਚੂਨੇ ਦੀ ਵਰਤੋਂ ਪੀ.ਐਚ. ਜਾਂਚ ਕੇ ਹੀ ਕਰਨੀ ਚਾਹੀਦੀ ਹੈ। ਇਸ ਮੌਸਮ ਦੌਰਾਨ ਮੱਛੀਆਂ ਨੂੰ ਕਈ ਤਰ੍ਹਾਂ ਦੇ ਜੀਵਾਣੂ, ਉੱਲੀ, ਈ.ਯੂ.ਐਸ ਜਾਂ ਜੂੰ ਅਤੇ ਪਰਜੀਵੀ ਰੋਗ ਹੋ ਜਾਂਦੇ ਹਨ। ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਤਲਾਅ ਵਿੱਚ ਸੀਫੈਕਸ 400 ਮਿਲੀਲੀਟਰ ਪ੍ਰਤੀ ਏਕੜ ਜਾਂ ਲਾਲ ਦਵਾਈ 1-2 ਕਿੱਲੋ ਪ੍ਰਤੀ ਏਕੜ ਜਾਂ ਚੂਨਾ 50-100 ਕਿੱਲੋ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ 50-100 ਕਿੱਲੋ ਪ੍ਰਤੀ ਏਕੜ ਦੀ ਦਰ ਨਾਲ ਨਮਕ ਦੀ ਵਰਤੋਂ ਕਰਕੇ ਵੀ ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਮੱਛੀਆਂ ਨੂੰ ਬਿਮਾਰੀਆਂ ਹੋਣ ਦੀ ਸੂਰਤ ਵਿੱਚ ਮਾਹਰ ਦੀ ਸਲਾਹ ਲੈ ਕੇ ਹੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ।