ਨਿਰਵੈਰ ਸਿੰਘ ਸਿੰਧੀ
ਮਮਦੋਟ 19 ਜਨਵਰੀ 2021 :- ਪੰਜਾਬ ਅਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸੰਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਵੀ ਫਿਰੋਜ਼ਪੁਰ ਦੇ ਪਿੰਡਾਂ ਚ ਲਗਾਤਾਰ ਲਾਮਬੰਦੀ ਕੀਤੀ ਜਾ ਰਹੀ ਹੈ ਅਤੇ ਪਿੰਡ ਪਿੰਡ ਕਮੇਟੀਆਂ ਦੀ ਚੋਣ ਵੀ ਜਾਰੀ ਹੈ । ਇਸੇ ਤਹਿਤ ਪਿੰਡ ਕਿਸ਼ੋਰ ਵਾਲੇ ਝੁੱਗੇ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ ਪ੍ਰਧਾਨ ਨਿਰਮਲ ਸਿੰਘ, ਸਕੱਤਰ ਪਾਲ ਸਿੰਘ, ਖਜ਼ਾਨਚੀ ਬੂਟਾ ਸਿੰਘ , ਮੈਬਰ ਗੁਰਦੀਪ ਸਿੰਘ, ਜੋਗਿੰਦਰ ਸਿੰਘ, ਟਹਿਲ ਸਿੰਘ ,ਗੁਰਜੰਟ ਸਿੰਘ, ਸੁਖਵਿੰਦਰ ਸਿੰਘ, ਹੁਕਮ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ, ਸੋਨਾ ਸਿੰਘ, ਸ਼ਿੰਦਰ ਸਿੰਘ ਨੂੰ ਚੁਣਿਆ ਗਿਆ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਨੇ ਕਿਹਾ ਕਿ ਦਿੱਲੀ ਅੰਦਰ ਜੋ ਕਾਲੇ ਕਾਨੂੰਨਾਂ ਵਿਰੁੱਧ ਮੋਰਚਾ ਚੱਲ ਰਿਹਾ ਹੈ ਉਸ ਨੂੰ ਮਜ਼ਬੂਤ ਕਰਨ ਲਈ ਅਤੇ 26 ਜਨਵਰੀ ਦੀ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਪਿੰਡ ਪਿੰਡ ਲਾਮਬੰਦੀ ਕੀਤੀ ਜਾ ਰਹੀ ਹੈ ਅਤੇ ਕਮੇਟੀਆਂ ਦੀ ਚੋਣ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਾਰ ਚੁੱਕੀ ਹੈ ਪਰ ਅੜੀਅਲ ਰਵੱਈਆ ਅਪਣਾ ਕੇ ਕਿਸਾਨਾਂ ਦੇ ਮਸਲੇ ਹੱਲ ਕਰਨ ਨੂੰ ਤਿਆਰ ਨਹੀਂ ਹੋ ਰਹੀ । ਉਨ੍ਹਾਂ ਇਹ ਵੀ ਦੱਸਿਆ ਕਿ 26 ਜਨਵਰੀ ਦੀ ਪਰੇਡ ਲਈ ਫ਼ਿਰੋਜ਼ਪੁਰ ਜ਼ਿਲੇ ਵਿੱਚੋਂ 22 ਜਨਵਰੀ ਨੂੰ ਬਜ਼ੀਦਪੁਰ ਸਾਹਿਬ ਤੋਂ ਜਥੇ ਰਵਾਨਾ ਹੋਣਗੇ।
ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਲੈ ਕੇ ਛੱਬੀ ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਵੱਲ ਚਾਲੇ ਪਾਏ ਜਾਣ।