ਹਰੀਸ਼ ਕਾਲੜਾ
ਰੂਪਨਗਰ,19 ਜਨਵਰੀ 2021: ਭਾਰਤ ਸਰਕਾਰ ਦੇ ਸੜਕ ਪਰਿਵਾਹਨ ਅਤੇ ਰਾਜ ਮਾਰਗ ਮੰਤਰਾਲਾ ਅਤੇ ਉਚੇਰੀ ਸਿੱਖਿਆ ਵਿਭਾਗ (ਕਾ), ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ, ਡਾ. ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਦੀ ਸਰਪ੍ਰਸਤੀ ਹੇਠ ਸਰਕਾਰੀ ਕਾਲਜ ਰੋਪੜ ਵਿਖੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਉਣ ਦਾ ਆਗਾਜ਼ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੜਕ ਪਰਿਵਾਹਨ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ 'ਸੜਕ ਸੁਰੱਖਿਆ-ਜੀਵਨ ਰੱਖਿਆ' ਥੀਮ ਤਹਿਤ ਟ੍ਰੈਫਿਕ ਜਾਗਰੂਕਤਾ ਅਭਿਆਨ ਦਾ ਆਗਾਜ਼ ਕੀਤਾ ਜਾ ਰਿਹਾ ਹੈ।
ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ 18 ਜਨਵਰੀ ਤੋਂ 17 ਫਰਵਰੀ 2021 ਤੱਕ ਇੱਕ ਮਹੀਨਾਂ ਟ੍ਰੈਫਿਕ ਜਾਗਰੂਕਤਾ ਅਭਿਆਨ ਨੂੰ ਸਮਰਪਿਤ ਕੀਤਾ ਜਾਵੇਗਾ। ਜਿਸ ਤਹਿਤ ਐੱਨ.ਐੱਸ.ਐੱਸ ਵਲੰਟੀਅਰ ਟੋਲ ਪਲਾਜਾ, ਸੰਘਣੇ ਟ੍ਰੈਫਿਕ ਵਾਲੇ ਇਲਾਕਿਆਂ ਵਿੱਚ ਜਾ ਕੇ ਆਮ ਲੋਕਾ ਨੂੰ ਜਾਗਰੂਕ ਕਰਨ ਲਈ ਰੈਲੀਆਂ, ਬੈਨਰਾਂ ਅਤੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸ਼ਲੋਗਨ ਲਿਖ ਕੇ ਜਾਗਰੂਕਤਾ ਪੈਦਾ ਕਰਨਗੇ।
ਪ੍ਰੋਗਰਾਮ ਅਫ਼ਸਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਕਾਲਜ ਦੇ ਐੱਨ.ਐੱਸ.ਐੱਸ ਵਲੰਟੀਅਰ ਹਮੇਸ਼ਾ ਹੀ ਜਾਗਰੂਕਤਾ ਅਭਿਆਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ। ਇਸ ਮੌਕੇ ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਡਾ. ਦਲਵਿੰਦਰ ਸਿੰਘ ਅਤੇ ਪ੍ਰੋ. ਸ਼ਮਿੰਦਰ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਬੰਧੀ ਕਾਲਜ ਵਿਖੇ ਕੀਤੀ ਗਈ ਵਿਸ਼ੇਸ਼ ਇਕੱਤਰਤਾ ਵਿੱਚ ਸਮੂਹ ਸਟਾਫ ਅਤੇ ਐੱਨ.ਐੱਸ.ਐੱਸ ਵਲੰਟੀਅਰਾਂ ਨੇ ਸਮੂਲੀਅਤ ਕੀਤੀ।