ਹਰੀਸ਼ ਕਾਲੜਾ
ਰੂਪਨਗਰ, 19 ਜਨਵਰੀ 2021:ਕ੍ਰਿਸ਼ੀ ਵਿਗਿਆਨ ਕੇਂਦਰ, (ਕੇ.ਵੀ.ਕੇ.), ਰੋਪੜ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਵਿੱਚ ਪੀਲੀ ਕੁੰਗੀ ਦੇ ਹਮਲੇ ਪ੍ਰਤੀ ਸੁਚਤੇ ਰਹਿਣ, ਇਹ ਸਮਾਂ ਪੀਲੀ ਕੁੰਗੀ ਦੇ ਹਮਲੇ ਲਈ ਅਨੁਕੂਲ ਹੈ। ਕੇ.ਵੀ.ਕੇ., ਰੋਪੜ ਦੇ ਵਿਗਿਆਨੀਆਂ ਦੀ ਟੀਮ ਨੇ 18 ਜਨਵਰੀ, 2021 ਨੂੰ ਅਨੰਦਪੁਰ ਸਾਹਿਬ ਬਲਾਕ ਦੇ ਕੁੱਝ ਪਿੰਡਾਂ ਦਾ ਦੌਰੇ ਦੌਰਾਨ ਪੀਲੀ ਕੁੰਗੀ ਦਾ ਮਾਮੂਲੀ ਹਮਲਾ ਪਿੰਡ ਮਾਣਕਪੁਰ ਵਿਖੇ ਦੇਖਿਆ।
ਡਾ. ਜੀ. ਐੱਸ. ਮੱਕੜ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਨੇ ਕਿਹਾ ਕਿ ਪੀਲੀ ਕੁੰਗੀ ਦੀ ਬਿਮਾਰੀ ਕਣਕ ਦੇ ਪੱਤਿਆ ਉਤੇ ਪੀਲੇ ਰੰਗ ਦੀਆਂ ਧਾਰੀਆਂ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਅਤੇ ਇਸ ਨੂੰ ਹੱਥ ਲਾਉਣ ਤੇ ਹੱਥ ਉਪਰ ਉਲੀ ਦਾ ਪੀਲਾ ਧੂੜਾ ਲਗ ਜਾਂਦਾ ਹੈ।
ਉਹਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫ਼ਸਲ ਉੱਪਰ ਪੂਰੀ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਲੱਛਣ ਦਿਖਾਈ ਦੇਣ ਤੇ ਇਸ ਦੇ ਪ੍ਰਬੰਧਨ ਲਈ ਸਮੇਂ ਸਿਰ ਰੋਕਥਾਮ ਕਰਨ ਨਾਲ ਇਸ ਦੇ ਹੋਰ ਫੈਲਣ ਅਤੇ ਆਰਥਿਕ ਨੁਕਸਾਨ ਦੀ ਸੰਭਾਵਨਾ ਘੱਟ ਜਾਂਦੀ ਹੈ। ਕੇ. ਵੀ. ਕੇ., ਰੋਪੜ ਵਲੋਂ ਪੀਲੀ ਕੁੰਗੀ ਦੀ ਜਾਣਕਾਰੀ ਲਈ ਕਿਸਾਨਾਂ ਨੂੰ ਖੇਤੀ ਸਾਹਿਤ ਵੀ ਵੰਡਿਆ। ਕੇ. ਵੀ. ਕੇ., ਰੋਪੜ ਦੇ ਮਹਿਰਾਂ ਨਾਲ ਸਲਾਹ ਕਰਨ ਲਈ ਇੱਕ ਹੈਲਪਲਾਈਨ ਨੰਬਰ ਵੀ (01881-220460; 95019-65408) ਕਿਸਾਨਾਂ ਨੂੰ ਦੱਸਿਆ ਗਿਆ।
ਡਾ. ਪਵਨ ਕੁਮਾਰ, ਸਹਾਇਕ ਪ੍ਰੋਫੈਸਰ, (ਪੌਦ ਸੁਰੱਖਿਆ) ਨੇ ਦੱਸਿਆ ਕਿ ਮੌਜੂਦਾ ਮੌਸਮ ਦੇ ਹਾਲਾਤ ਪੀਲੀ ਕੁੰਗੀ ਬਿਮਾਰੀ ਲਈ ਅਨੁਕੂਲ ਹਨ ਅਤੇ ਕਿਸਾਨਾਂ ਨੂੰ ਹਰ ਰੋਜ਼ ਆਪਣੇ ਕਣਕ ਦੇ ਖੇਤਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਜੇ ਉਨ੍ਹਾਂ ਨੂੰ ਕਣਕ ਦੇ ਪੱਤਿਆਂ 'ਤੇ ਪੀਲੀ ਕੁੰਗੀ ਦੇ ਲੱਛਣ ਮਿਲਦੇ ਹਨ, ਤਾਂ ਉਨ੍ਹਾਂ ਨੂੰ ਫਸਲ ਉਪਰ 200 ਗ੍ਰਾਮ ਕੈਵੀਅਟ 25 ਡਬਲਯੂ. ਜੀ. ਜਾਂ 120 ਗ੍ਰਾਮ ਨਾਟਿਵੋ 75 ਡਬਲਯੂ. ਜੀ. ਜਾਂ 200 ਮਿ.ਲੀ. ਓਪੇਰਾ 18.3 ਐਸ. ਈ. ਜਾਂ 200 ਮਿਲੀਲੀਟਰ ਟਿਲਟ 25 ਈ. ਸੀ. ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ।