- ਮੌਜੂਦਾ ਪਰਿਪੇਖ 'ਚ ਵਿਦਿਆਰਥੀਆਂ ਨੂੰ ਸਫ਼ਲਤਾ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਸਬੰਧੀ ਕਰਨਗੇ ਮਾਰਗ ਦਰਸ਼ਨ
ਚੰਡੀਗੜ੍ਹ, 19 ਜਨਵਰੀ 2021 - ਅਜੋਕੇ ਦੁਚਿੱਤੀ ਵਾਲੇ ਮਾਹੌਲ 'ਚ ਦਰਪੇਸ਼ ਆ ਰਹੀਆਂ ਵੱਖ-ਵੱਖ ਚਣੌਤੀਆਂ ਅਤੇ ਸੰਭਾਵਨਾਵਾਂ ਦੇ ਮੱਦੇਨਜ਼ਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ 23 ਜਨਵਰੀ 2021 ਨੂੰ ਇੱਕ ਮਹੱਤਵਪੂਰਨ ਵੈਬਿਨਾਰ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਉਘੇ ਮੋਟੀਵੇਸ਼ਨਲ ਸਪੀਕਰ, ਲੇਖਕ, ਕਾਰੋਬਾਰੀ ਸਲਾਹਕਾਰ ਸ਼੍ਰੀ ਸ਼ਿਵ ਖੇੜਾ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨਗੇ।
'ਮੁਸ਼ਕਲਾਂ ਨੂੰ ਵਾਪਸੀ 'ਚ ਬਦਲ ਦਿਓ' ਵਿਸ਼ੇ 'ਤੇ ਸ਼ਨਿੱਚਰਵਾਰ ਬਾਅਦ ਦੁਪਿਹਰ ਹੋਣ ਵਾਲੇ ਵੈਬਿਨਾਰ ਦੌਰਾਨ ਸ਼੍ਰੀ ਸ਼ਿਵ ਖੇੜਾ ਮੌਜੂਦਾ ਹਾਲਾਤਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਦੇ ਹੋਏ ਸਫ਼ਲਤਾ ਲਈ ਆਪਣੇ ਆਪ ਨੂੰ ਤਿਆਰ ਕਰਨ ਅਤੇ ਸਕਰਾਤਮਕ ਰਹਿੰਦਆਂ ਦੂਜਿਆਂ ਲਈ ਪ੍ਰੇਰਨਾ ਬਣਨ ਸਬੰਧੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨਗੇ। ਕੋਵਿਡ-19 ਮਹਾਂਮਾਰੀ ਨੇ ਵਿਦਿਆਰਥੀ ਜੀਵਨ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ, ਅਜਿਹੇ 'ਚ ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਪੈਦਾ ਹੋਈ ਅਨਿਸ਼ਚਿਤਤਾ ਦੇ ਦੌਰ 'ਚ ਉਤਸ਼ਾਹਿਤ ਅਤੇ ਸਹੀ ਜੀਵਨ ਸੇਧ ਦੇਣ ਲਈ ਇਸ ਮਹੱਤਵਪੂਰਨ ਵੈਬਿਨਾਰ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼ਿਵ ਖੇੜਾ ਵਿਸ਼ਵ ਦੇ ਪ੍ਰਭਾਵਸ਼ਾਲੀ ਬੁਲਾਰਿਆਂ, ਲੇਖਕਾਂ ਅਤੇ ਚਿੰਤਕਾਂ ਵਿਚੋਂ ਇੱਕ ਹਨ, ਜਿਨਾਂ ਦੇ ਪ੍ਰੇਰਨਾਦਾਇਕ ਵਿਚਾਰਾਂ ਨੇ ਬਹੁਗਿਣਤੀ ਲੋਕਾਂ ਨੂੰ ਉਨਾਂ ਦੀ ਅਸਲ ਸਮਰੱਥਾ ਦਾ ਅਹਿਸਾਸ ਕਰਵਾਉਣ ਦੇ ਨਾਲ-ਨਾਲ ਜੀਵਨ ਨੂੰ ਸਕਰਾਤਮਕ ਦਿਸ਼ਾ ਪ੍ਰਦਾਨ ਕਰਨ 'ਚ ਸਹਾਇਤਾ ਕੀਤੀ ਹੈ। ਮੌਜੂਦਾ ਹਾਲਾਤਾਂ 'ਚ ਸ਼੍ਰੀ ਸ਼ਿਵ ਖੇੜਾ ਵੱਲੋਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨਾ ਬੜੀ ਅਹਿਮੀਅਤ ਰੱਖਦਾ ਹੈ ਜਦਕਿ 'ਵਰਸਿਟੀ ਦੇ ਵੱਡੀ ਗਿਣਤੀ ਵਿਦਿਆਰਥੀ ਇਸ ਵਿਸ਼ੇਸ਼ ਵੈਬਿਨਾਰ 'ਚ ਸ਼ਮੂਲੀਅਤ ਕਰਨਗੇ।
ਸ਼ਿਵ ਖੇੜਾਂ ਨੇ ਬਹੁਤ ਸਾਰੀਆਂ ਪ੍ਰੇਰਨਾਦਾਇਕ ਕਿਤਾਬਾਂ ਲਿਖੀਆਂ ਹਨ ਜਿਵੇਂ ਕਿ 'ਯੂ ਕੈਨ ਵਿੰਨ', ਫ਼ਰੀਡਮ ਇਜ਼ ਨਾਟ ਫ਼ਰੀ, 'ਲਿਵਿੰਗ ਵਿੱਦ ਆਨਰ' ਅਤੇ 'ਯੂ ਕੈਨ ਸੇਲ' ਆਦਿ। ਉਨਾਂ ਦੀਆਂ 80 ਲੱਖ ਤੋਂ ਵੱਧ ਕਿਤਾਬਾਂ ਵਿਸ਼ਵਵਿਆਪੀ ਪੱਧਰ 'ਤੇ ਵੇਚੀਆਂ ਗਈਆਂ ਹਨ, ਜਿਨਾਂ 'ਚੋਂ ਅੰਤਰਰਾਸ਼ਟਰੀ ਪੱਧਰ 'ਤੇ ਲੋਕ ਪ੍ਰਸਿੱਧ ਕਿਤਾਬ 'ਯੂ ਕੈਨ ਵਿਨ' ਦਾ 21 ਭਾਸ਼ਾਵਾਂ 'ਚ ਅਨੁਵਾਦ ਕੀਤਾ ਗਿਆ ਹੈ। ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਦੇ 20 ਤੋਂ ਵੱਧ ਦੇਸ਼ਾਂ 'ਚ ਵੱਖ-ਵੱਖ ਵਰਕਸ਼ਾਪਾਂ, ਸੈਮੀਨਾਰਾਂ, ਰੇਡਿਓ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਕਰੋੜਾਂ ਲੋਕ ਉਨਾਂ ਦੇ ਅਹਿਮ ਵਿਚਾਰਾਂ ਦਾ ਲਾਭ ਲੈ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਵੈਬਿਨਾਰ ਦਾ ਸਿੱਧਾ ਪ੍ਰਸਾਰਣ 23 ਜਨਵਰੀ, 2021 ਨੂੰ ਦੁਪਹਿਰ 3 ਵਜੇ 'ਵਰਸਿਟੀ ਦੇ ਯੂ ਟਿਊਬ ਚੈਨਲ ਸਮੇਤ ਹੋਰਨਾਂ ਸੋਸ਼ਲ ਮੀਡੀਆ ਪੇਜ਼ਾਂ 'ਤੇ ਕੀਤਾ ਜਾਵੇਗਾ। ਸ. ਸੰਧੂ ਨੇ ਕਿਹਾ ਇਸ ਮਹੱਤਵਪੂਰਨ ਵਿਸ਼ੇ ਦੇ ਸੰਦਰਭ 'ਚ 40 ਦੇਸ਼ਾਂ ਅਤੇ ਭਾਰਤ ਦੇ 29 ਰਾਜਾਂ ਦੇ ਬਹੁ ਗਿਣਤੀ ਵਿਦਿਆਰਥੀ ਸ਼੍ਰੀ ਸ਼ਿਵ ਖੇੜਾ ਦੇ ਅਹਿਮ ਵਿਚਾਰ ਸੁਣਨਗੇ।
ਉਨਾਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਚੰਗਾਂ ਸਮਾਂ ਹੈ ਕਿ ਉਹ ਸ਼੍ਰੀ ਸ਼ਿਵ ਖੇੜਾ ਦੇ ਤਜ਼ਰਬਿਆਂ, ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ 'ਚ ਚੰਗੀ ਸ਼ਖਸ਼ੀਅਤ ਉਸਾਰੀ, ਸਿੱਖਿਆ ਅਤੇ ਆਪਣੇ ਮੁਕਾਮਾਂ ਨੂੰ ਹਾਸਲ ਕਰਨ ਸਬੰਧੀ ਮਾਰਗ ਦਰਸ਼ਨ ਪ੍ਰਾਪਤ ਕਰ ਸਕਦੇ ਹਨ। ਉਨਾਂ ਵਿਦਿਆਰਥੀਆਂ ਸਮੇਤ ਬੁੱਧੀਜੀਵੀਆਂ, ਚਿੰਤਕਾਂ ਅਤੇ ਸਟਾਫ਼ ਮੈਂਬਰਾਂ ਨੂੰ ਵੈਬਿਨਾਰ 'ਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕਰੀਅਰ ਦੇ ਪ੍ਰਸੰਗ 'ਚ ਮੌਜੂਦਾ ਚਣੌਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਇਹ ਵੈਬਿਨਾਰ ਨੌਜਵਾਨਾਂ ਲਈ ਲਾਹੇਵੰਦ ਸਾਬਿਤ ਹੋਵੇਗਾ।