ਅਸ਼ੋਕ ਵਰਮਾ
ਬਠਿੰਡਾ, 19 ਜਨਵਰੀ 2021 - ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡ ਮਲੂਕਾ ’ਚ ਲੰਘੀ 11 ਜਨਵਰੀ ਨੂੰ ਸਹਿਕਾਰੀ ਸਭਾ ਦੀ ਚੋਣ ਦੌਰਾਨ ਵਾਪਰੀਆਂ ਘਟਨਾਵਾਂ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿਚ ਪੁੱਜ ਗਿਆ ਹੈ। ਅਕਾਲੀ ਦਲ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਪਟੀਸ਼ਨ ’ਚ ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਅਤੇ ਦੋ ਹੋਰ ਸਹਿਕਾਰੀ ਅਧਿਕਾਰੀਆਂ ਤੋਂ ਇਲਾਵਾ ਡੀਐਸਪੀ ਰਾਮਪੁਰਾ ਫੂਲ ਤੇ ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਖਿਲਾਫ ਸ਼ਕਾਇਤ ਦਰਜ ਕਰਵਾਈ ਗਈ ਹੈ।
ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਪਟੀਸ਼ਨ ’ਚ ਦੱਸਿਆ ਹੈ ਕਿ ਪਿਛਲੇ ਦਿਨੀ 11 ਜਨਵਰੀ ਨੂੰ ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਸਭਾ ਮਲੂਕਾ ਦੇ ਅਹੁਦੇਦਾਰਾਂ ਦੀ ਚੋਣ ਲਈ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਮੌਕੇ ਅਕਾਲੀ ਦਲ ਦੇ 10 ਉਮੀਦਵਾਰਾਂ ਨੇ ਨਾਮਜਦਗੀਆਂ ਦਾਖਲ ਕੀਤੀਆਂ ਸਨ। ਪਟੀਸ਼ਨ ’ਚ ਦੱਸਿਆ ਗਿਆ ਹੈ ਕਿ ਚੋਣਾਂ ਵਾਲੇ ਦਿਨ ਡੀਐਸਪੀ ਫੂਲ ਅਤੇ ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਵੀ ਮੌਕੇ ਤੇ ਹਾਜਰ ਸਨ ਜਿਹਨਾਂ ਨੇ ਸਹਿਕਾਰੀ ਸਭਾ ਦੇ ਅੰਦਰੋਂ ਚੋਣ ਅਮਲੇ ਨੂੰ ਗੱਡੀ ’ਚ ਬਿਠਾ ਲਿਆ ਅਤੇ ਕਿਸੇ ਅਣਦੱਸੀ ਥਾਂ ਤੇ ਲੈ ਗਏ।
ਉਹਨਾਂ ਦੱਸਿਆ ਕਿ ਚੋਣ ਅਮਲੇ ਨੇ ਚੋਣ ਲੜਨ ਵਾਲੇ ਅਕਾਲੀ ਆਗੂਆਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਸੀ ਜਿਸ ਨੂੰ ਬਕਾਇਦਾ ਦਿਵਾਰ ਤੇ ਲਾਇਆ ਗਿਆ ਸੀ। ਪਟੀਸ਼ਨ ਮੁਤਾਬਕ ਬਾਅਦ ’ਚ ਚੋਣ ਰੱਦ ਕਰਨ ਬਾਰੇ ਆਖ ਦਿੱਤਾ ਗਿਆ।ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਚੋਣ ਰੱਦ ਕਰਨ ਦੀਆਂ ਗੱਲਾਂ ਦੌਰਾਨ ਹੁਣ ਪਤਾ ਲੱਗਿਆ ਹੈ ਕਿ ਨਿਯਮਾਂ ਨੂੰ ਛਿੱਕੇ ਟੰਗਦਿਆਂ ਸਹਿਕਾਰੀ ਸਭਾ ਦੇ ਅਹੁਦੇਦਾਰਾਂ ਦੀ ਚੋਣ ਕਰ ਲਈ ਹੈ ਜਦੋਂਕਿ ਚੋਣ ਤਾਂ ਹੋਈ ਹੀ ਨਹੀਂ ਹੈ।
ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸਾਰਾ ਮਾਮਲਾ ਪੁਲਿਸ ਪ੍ਰਸ਼ਾਸ਼ਨ ਅਤੇ ਸਹਿਕਾਰਤਾ ਵਿਭਾਗ ਦੇ ਧਿਆਨ ’ਚ ਲਿਆ ਦਿੱਤਾ ਸੀ ਪਰ ਪੰਜਾਬ ਸਰਕਾਰ ਦੇ ਇੱਕ ਮੰਤਰੀ ਦੇ ਕਥਿਤ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਦੋਂ ਮਸਲਾ ਕਿਸੇ ਤਣ ਪੱਤਣ ਨਾਂ ਲੱਗਿਆ ਤਾਂ ਅਕਾਲੀ ਦਲੇ ਨੇ ਹਾਈਕੋਰਟ ਦੀ ਸ਼ਰਨ ਲਈ ਹੈ। ਉਹਨਾਂ ਦੱਸਿਆ ਕਿ ਅਦਾਲਤ ਨੇ ਅਕਾਲੀ ਦਲ ਦੀ ਪਟੀਸ਼ਨ ਨੂੰ ਸੁਣਵਾਈ ਲਈ ਪ੍ਰਵਾਨ ਕਰ ਲਿਆ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੇ ਹਮਾਇਤੀ ਹੋਣ ਦੇ ਦਾਅਵਿਆਂ ਦੌਰਾਨ ਕਿਸਾਨਾਂ ਦੇ ਸੰਘਰਸ਼ ’ਚ ਰੂੱਝੇ ਹੋਣ ਕਰਕੇ ਬਣੇ ਗੈਰਹਾਜਰੀ ਵਾਲੇ ਹਾਲਾਤਾਂ ਦਰਮਿਆਨ ਸਹਿਕਾਰੀ ਸਭਾਵਾਂ ਤੇ ਕਥਿਤ ਧੱਕੇਸ਼ਾਹੀ ਨਾਲ ਕਬਜਾ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਸਮੁੱਚਾ ਮਾਮਲਾ ਸਬੂਤਾਂ ਸਮੇਤ ਹਾਈਕੋਰਟ ਅੱਗੇ ਰੱਖ ਦਿੱਤਾ ਹੈ ਜਿਸ ਤੇ ਹੁਣ ਅਗਲੀ ਸੁਣਵਾਈ ਅਦਾਲਤ ਵੱਲੋਂ ਕੀਤੀ ਜਾਣੀ ਹੈ।ਦੱਸਣਯੋਗ ਹੈ ਕਿ ਲੰਘੀ 11 ਜਨਵਰੀ ਨੂੰ ਮਲੂਕਾ ’ਚ ਚੋਣ ਮੌਕੇ ਅਕਾਲੀ ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ਤੇ ਗੱਡੀ ਭਜਾਉਣ ਦੇ ਦੋਸ਼ ਲਾਏ ਸਨ ਜਿਹਨਾਂ ਨੂੰ ਤੱਤਕਾਲੀ ਮੁੱਖ ਥਾਣਾ ਅਫਸਰ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਨਕਾਰ ਦਿੱਤਾ ਸੀ। ਇਸੇ ਦੌਰਾਨ ਸੀਨੀਅਰ ਪੁਲਿਸ ਅਫਸਰਾਂ ਨੇ ਐਸਐਚਓ ਦਿਆਲਪੁਰਾ ਨੂੰ ਤਬਦੀਲ ਕਰ ਦਿੱਤਾ ਅਤੇ ਇਸ ਬਦਲੀ ਪਿੱਛੇ ਵੀ ਮਲੂਕਾ ’ਚ ਵਾਪਰੀਆਂ ਘਟਨਾਵਾਂ ਦਾ ਹੱਥ ਹੋਣ ਦੇ ਚਰਚੇ ਹਨ। ਇਸ ਮਾਮਲੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤਦੇ ਵਾਇਰਲ ਹੋਈ ਸੀ ਜਿਸ ’ਚ ਗੱਡੀ ਭੱਜਦੀ ਸਾਫ ਦਿਖਾਈ ਦੇ ਰਹੀ ਸੀ।