← ਪਿਛੇ ਪਰਤੋ
ਨਿਊਯਾਰਕ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ ਦੌਰਾਨ ਹੋਏ 30 ਤੋਂ ਵੱਧ ਗ੍ਰਿਫਤਾਰ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆਂ)20 ਜਨਵਰੀ 2021 ਨਿਊਯਾਰਕ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਸੋਮਵਾਰ ਦੀ ਰਾਤ ਹੋਈਆਂ ਝੜਪਾਂ ਦੌਰਾਨ ਪੁਲਿਸ ਵੱਲੋਂ 30 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਹਿਰ ਵਿੱਚ ਇਹ ਘਟਨਾ ਸੋਮਵਾਰ ਰਾਤ ਨੂੰ ਸਿਟੀ ਹਾਲ ਪਾਰਕ ਵਿੱਚ ਪੁਲਿਸ ਅਤੇ ਬਲੈਕ ਲਾਈਵਜ਼ ਮੈਟਰ ਦੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ। ਲੋਕਾਂ ਵੱਲੋਂ ਬਰੁਕਲਿਨ ਦੇ ਬਾਰਕਲੇਜ ਸੈਂਟਰ ਵਿੱਚ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਅਤੇ ਬਰੁਕਲਿਨ ਬ੍ਰਿਜ ਪਾਰ ਕਰਨ ਦੇ ਬਾਅਦ ਸਿਟੀ ਹਾਲ ਪਾਰਕ ਪਹੁੰਚਣ ਤੇ ਉਹਨਾਂ ਦਾ ਸਾਹਮਣਾ ਪੁਲਿਸ ਨਾਲ ਹੋਇਆ। ਵਿਖਾਵਾਕਾਰੀਆਂ ਵੱਲੋਂ ਬਲੈਕ ਲਿਬਰੇਸ਼ਨ ਮਾਰਚ ਦੇ ਨਾਮ ਨਾਲ ਇਹ ਸਮਾਗਮ, ਮਾਰਟਿਨ ਲੂਥਰ ਕਿੰਗ ਡੇਅ ਮਨਾਉਣ ਲਈ ਆਯੋਜਿਤ ਕੀਤਾ ਸੀ। ਨਿਊਯਾਰਕ ਪੁਲਿਸ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਅਧਿਕਾਰੀਆਂ ’ਤੇ ਬੋਤਲਾਂ ਸੁੱਟਣ ਦੇ ਨਾਲ ਜਾਇਦਾਦ ਦੀ ਵੀ ਭੰਨਤੋੜ ਕੀਤੀ। ਇਸ ਪ੍ਰਦਰਸ਼ਨ ਦੌਰਾਨ ਪੁਲਿਸ ਨੇ 30 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 10 ਅਧਿਕਾਰੀ ਵੀ ਜ਼ਖਮੀ ਹੋਏ। ਇਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਵਿਖਾਵਾਕਾਰੀਆਂ ਨੂੰ ਸੜਕ ਤੋਂ ਪਾਸੇ ਰਹਿ ਕੇ ਆਪਣੀ ਕਾਰਵਾਈ ਕਰਨ ਲਈ ਕਿਹਾ ਅਤੇ ਅਜਿਹਾ ਨਾ ਕਰਨ ਦੀ ਹਾਲਤ ਵਿੱਚ ਗ੍ਰਿਫਤਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ।
Total Responses : 32