ਚੋਣਾਂ ਵਿੱਚ ਬਹੁਮਤ ਮਿਲਣ ਉਪਰੰਤ ਮੇਅਰ ਹੋ ਸਕਦੇ ਹਨ ਜਗਰੂਪ ਗਿੱਲ ?
ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਅਸ਼ੋਕ ਕੁਮਾਰ ਵੀ ਮੇਅਰ ਬਣਨ ਦੇ ਇਸ਼ੁੱਕ ਹਨ
ਅਮ੍ਰਿਤ ਪਾਲ ਬਰਾੜ
ਬਠਿੰਡਾ 20 ਜਨਵਰੀ: ਨਗਰ ਨਿਗਮ ਦੀ ਚੋਣ ਲੜਣ ਦੀ ਤਕਨੀਕੀ ਲੋੜ ਨੂੰ ਪੂਰਾ ਕਰਨ ਲਈ ਜਗਰੂਪ ਸਿੰਘ ਗਿੱਲ ਨੇ ਜਿਲ੍ਹਾ ਯੋਜਨਾ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੇ ਆਹੁਦੇ ਦੇ ਆਖ਼ਰੀ ਦਿਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਕਾਂਗਰਸ ਹਾਈਕਮਾਂਡ ਦੇ ਹੁਕਮ ਦੇ ਮੱਦੇਨਜ਼ਰ ਚੋਣ ਲੜਣ ਲਈ ਉਹਨਾਂ ਦੇ ਫੈਸਲੇ ਤੇ ਅਮਲ ਕਰਨ ਹਿਤ ਅਜਿਹਾ ਕਰਨਾ ਜਰੂਰੀ ਸੀ।
ਜਗਰੂਪ ਸਿੰਘ ਗਿੱਲ ਦਾ ਨਿਗਮ ਚੋਣਾਂ ਲੜਨਾ ਇੱਕ ਸਿਆਸੀ ਮੁਹਤਤਾ ਰਖਦਾ ਹੈ ਕਿਓਂਕੀ ਉਹ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਨਜਦੀਕ ਗਿਣੇ ਜਾਂਦੇ ਆਗੂਆਂ ਵਿਚੋਂ ਇੱਕ ਹਨ! ਉਹ ਮਹਾਰਾਣੀ ਪਰਨੀਤ ਕੌਰ ਦੀ ਚੋਣ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ, ਇਸ ਤੋਂ ਇਲਾਵਾ ਉਹ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੀ ਖਾਸੇ ਕਰੀਬ ਹਨ ਤੇ ਮੰਤਰੀ ਬਾਦਲ ਉਨਾ ਨਾਲ ਅਕਸਰ ਸ਼ਹਿਰ ਨਾਲ ਜੁੜੇ ਵਿਕਾਸ ਦੇ ਮਾਮਲੇਆ ਉਤੇ ਰਾਇ ਕਰਦੇ ਹਨ !
ਸਿਆਸੀ ਸੂਤਰਾਂ ਮੁਤਾਬਿਕ ਜੇਕਰ ਕਾਂਗਰਸ ਪਾਰਟੀ ਨਿਗਮ ਵਿੱਚ ਬਹੁਮਤ ਹਾਸਿਲ ਕਰਦੀ ਹੈ ਤਾਂ ਜਗਰੂਪ ਗਿੱਲ ਮੇਅਰ ਦੇ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ, ਇਨਾਂ ਤੋਂ ਇਲਾਵਾ ਇੱਕ ਹੋਰ ਪੁਰਾਣੇ ਕਾਂਗਰਸੀ ਆਗੂ ਅਸ਼ੋਕ ਕੁਮਾਰ ਪ੍ਰਧਾਨ ਵੀ ਮੇਅਰ ਬਣਨ ਦੇ ਚਾਹਵਾਨ ਹਨ, ਉਹ ਵੀ ਮਨਪ੍ਰੀਤ ਬਾਦਲ ਦੇ ਪੱਕੇ ਹਿਮਾਇਤੀ ਹਨ! ਕਿਸ ਦੇ ਪੱਲੇ ਕੀ ਪਵੇਗਾ ਇਹ ਤਾਂ ਚੋਣਾਂ ਦੇ ਨਤੀਜੇ ਤੋ ਬਾਅਦ ਹੀ ਸਾਫ ਹੋਵੇਗਾ ਦੂਸਰੀ ਗਲ ਏਹ ਹੈ ਕੀ ਮੇਅਰ ਬਣਾਉਣ ਦਾ ਫੈਸਲਾ ਮੁਖਮੰਤਰੀ ਖੁਦ ਕਰਦੇ ਆਏ ਹਨ ਤੇ ਏਥੇ ਵੀ ਉਹ ਹੀ ਕਰਨਗੇ, ਉਨਾ ਨੇ ਤਾਂ ਅੰਮ੍ਰਿਤਸਰ ਵਿੱਚ ਮੇਅਰ ਦੇ ਉਮੀਦਵਾਰ ਦਾ ਫੈਸਲਾ ਵੀ ਖੁਦ ਕੀਤਾ ਸੀ ਜਦੋਕੀ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰ ਵਿਭਾਗ ਦੇ ਵਜ਼ੀਰ ਸਨ ਤੇ ਉਨ੍ਹਾਂ ਦੀ ਪਸੰਦ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ
ਜਿਕਰਯੋਗ ਹੈ ਕਿ ਗਿੱਲ ਨੇ ਨਗਰ ਕੌਂਸਲ ਦੀ ਚੋਣ ਜਿੱਤ ਕੇ 1979 ਵਿੱਚ ਆਪਣੇ ਪਾਰਲੀਮਾਨੀ ਜੀਵਨ ਦੀ ਸੁਰੂਆਤ ਕੀਤੀ ਸੀ। ਉਹ ਨਗਰ ਕੌਂਸਲ ਬਠਿੰਡਾ ਅਤੇ ਬਠਿੰਡਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤੋਂ ਇਲਾਵਾ ਮਿਆਦ ਲੰਘਾ ਚੁੱਕੀ ਨਗਰ ਨਿਗਮ ਬਠਿੰਡਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਹਨ।
ਸ਼ਹਿਰ ਦੀ ਅੱਧੀ ਅਬਾਦੀ ਤੇ ਨਿਰਭਰ ਰੇਲਵੇ ਪਾਰ ਦੇ ਇਲਾਕਿਆਂ ਲਈ ਗਿੱਲ ਇੱਕ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੇ ਅੱਤ ਦੇ ਪਛੜੇ ਇਹਨਾਂ ਖੇਤਰਾਂ ਵਿੱਚ ਹਾਇਰ ਸੈਕੰਡਰੀ ਸਕੂਲ, ਸਿਵਲ ਡਿਸਪੈਂਸਰੀ, ਸੜਕਾਂ ਦੇ ਨਿਰਮਾਣ ਨੂੰ ਕਰਵਾਉਣ ਵਿੱਚ ਜਿੱਥੇ ਅਹਿਮ ਭੂਮਿਕਾ ਨਿਭਾਈ ਹੈ, ਉੱਥੇ ਪੀਣ ਵਾਲੇ ਪਾਣੀ ਤੋਂ ਇਲਾਵਾ ਬਰਸਾਤੀ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਯੋਜਨਾਵਾਂ ਬਣਾਉਣ ਵਾਸਤੇ ਕਾਫ਼ੀ ਜੱਦੋਜਹਿਦ ਕੀਤੀ ਜਾ ਰਹੀ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਬਠਿੰਡਾ ਨੂੰ ਨਗਰ ਨਿਗਮ ਦਾ ਦਰਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ 2004 -2005 ਦੌਰਾਨ ਦਿਤਾ ਗਿਆ ਪਰ ਉਸ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਕਾਂਗਰਸ ਨੂੰ ਕਦੇ ਵੀ ਨਿਗਮ ਵਿੱਚ ਬਹੁਮਤ ਹਾਸਿਲ ਨਹੀਂ ਹੋਇਆ ! ਇਨਾਂ ਚੋਣਾਂ ਦੇ ਨਤੀਜੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਲਈ ਵੀ ਬਹੁਤ ਮੁਹਤਵ ਰਖਦੇ ਹਨ ਕੇਉਕੀ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਵਿਚੋਂ ਕੋਈ ਤੀਹ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਅਕਾਲੀ ਉਮੇਦਵਾਰ ਜਿਤੀ ਸੀ ਜਿਸ ਨੂੰ ਵੱਡਾ ਸਿਆਸੀ ਝਟਕਾ ਸਮਜਿਆ ਜਾਂਦਾ ਹੈ