ਮਨਿੰਦਰਜੀਤ ਸਿੱਧੂ
- ਲੇਖ ਮੁਕਾਬਲਿਆਂ ਵਿਚ ਹਰਗੁਰਜੋਤ ਜੌਹਲ ਨੇ ਹਾਸਲ ਕੀਤਾ ਪਹਿਲਾ ਸਥਾਨ
ਜੈਤੋ, 20 ਜਨਵਰੀ, 2021 - ਕੌਮੀ ਪੱਧਰ `ਤੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ 12 ਜਨਵਰੀ ਤੋਂ ਲੈ ਕੇ 19 ਜਨਵਰੀ ਤੱਕ ਮਨਾਏ ਗਏ `ਕੌਮੀ ਯੁਵਕ ਸਪਤਾਹ` ਨੂੰ ਸਮਰਪਿਤ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਤੱਗੜ ਦੀ ਪਰੇਰਨਾ ਸਦਕਾ ਲੇਖ ਮੁਕਾਬਲੇ ਅਤੇ ਭਾਵਪੂਰਤ ਵਿਚਾਰ-ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰੋਫ਼ੈਸਰ ਸਹਿਬਾਨ ਅਤੇ ਵਿਦਿਆਰਥੀਆਂ ਨੇ ਆਪੋ-ਅਪਣੇ ਵਿਚਾਰ ਪੇਸ਼ ਕੀਤੇ। ਕੌਮੀ ਯੁਵਕ ਸਪਤਾਹ ਦੇ ਸਬੰਧ ਵਿਚ ਕਾਲਜ ਦੀਆਂ ਕੌਮੀ ਸੇਵਾ ਯੋਜਨਾ ਇਕਾਈਆਂ ਵੱਲੋਂ ਵਿਦਿਆਰਥੀਆਂ ਦਾ ਲੇਖ ਮੁਕਾਬਲਾ ਕਰਵਾਇਆ ਗਿਆ। ਡਾ. ਸਮਰਾਟ ਖੰਨਾ ਪ੍ਰੋਗਰਾਮ ਅਫ਼ਸਰ ਕੌਮੀ ਸੇਵਾ ਯੋਜਨਾ ਇਕਾਈ (ਲੜਕੇ) ਦੀ ਸੁਯੋਗ ਅਗਵਾਈ ਵਿਚ ਅਤੇ ਪ੍ਰੋ. ਰਜਨਦੀਪ ਕੌਰ ਪ੍ਰੋਗਰਾਮ ਅਫ਼ਸਰ ਕੌਮੀ ਸੇਵਾ ਯੋਜਨਾ ਇਕਾਈ (ਲੜਕੀਆਂ) ਦੇ ਸਹਿਯੋਗ ਸਦਕਾ ਕਰਵਾਏ ਇਸ ਲੇਖ ਮੁਕਾਬਲੇ ਵਿਚ ਕੁੱਲ 27 ਵਿਦਿਆਰਥੀਆਂ ਨੇ ਆਪਣੀਆਂ ਲਿਖ਼ਤਾਂ ਜਮਾਂ ਕਰਵਾਈਆਂ।
ਇਨਾਂ ਲਿਖ਼ਤਾਂ ਨੂੰ ਡਾ. ਤੱਗੜ, ਪ੍ਰੋ. ਸ਼ਿਲਪਾ ਕਾਂਸਲ, ਡਾ. ਸੁਭਾਸ਼ ਚੰਦਰ ਅਰੋੜਾ, ਡਾ. ਖੰਨਾ ਅਤੇ ਪ੍ਰੋ. ਰਜਨਦੀਪ ਅਧਾਰਤ ਪੈਨਲ ਵੱਲੋਂ ਪੜਚੋਲਨ ਉਪਰੰਤ ਪਹਿਲੇ ਤਿੰਨ ਸਥਾਨਾਂ ਲਈ ਕੁੱਲ ਪੰਜ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਜਿਨਾਂ ਵਿਚ ਬੀ. ਐਸ. ਸੀ. ਨਾਨ-ਮੈਡੀਕਲ ਭਾਗ ਪਹਿਲਾ ਦੀ ਵਿਦਿਆਰਥਣ ਹਰਗੁਰਜੋਤ ਜੌਹਲ ਨੇ ਪਹਿਲਾ ਸਥਾਨ ਹਾਸਲ ਕੀਤਾ। ਦੋਇਮ ਸਥਾਨ ਬੀ. ਐਸ. ਸੀ. ਨਾਨ-ਮੈਡੀਕਲ ਭਾਗ ਦੂਜਾ ਦੀ ਦਿਲਪ੍ਰੀਤ ਕੌਰ ਅਤੇ ਬੀ. ਏ. ਭਾਗ ਪਹਿਲਾ ਦੀ ਯੁਕਤਾ ਨੇ ਸਾਂਝੇ ਤੌਰ `ਤੇ ਹਾਸਲ ਕੀਤਾ। ਇਸੇ ਤਰਾਂ ਤੀਸਰਾ ਸਥਾਨ ਬੀ. ਐਸ. ਸੀ. ਨਾਨ-ਮੈਡੀਕਲ ਭਾਗ ਦੂਜਾ ਦੀ ਮਲਿਕਾ ਅਤੇ ਬੀ. ਕਾਮ. ਭਾਗ ਪਹਿਲਾ ਦੀ ਅਕਾਂਕਸ਼ਾ ਨੇ ਸਾਂਝੇ ਤੌਰ `ਤੇ ਹਾਸਲ ਕੀਤਾ।
ਵਿਚਾਰ ਗੋਸ਼ਟੀ ਦਾ ਸੰਚਾਲਨ ਕਰਦਿਆਂ ਡਾ. ਦਿਵਿਯ ਜਯੋਤੀ ਚਾਵਲਾ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਬਾਰੇ ਚਰਚਾ ਕੀਤੀ।ਉਪਰੰਤ ਡਾ. ਤੱਗੜ ਨੇ ਸਵਾਮੀ ਵਿਵੇਕਾਨੰਦ ਦੇ ਹਵਾਲੇ ਨਾਲ ਨੌਜਵਾਨਾਂ ਦੀ ਦੇਸ਼ ਅਤੇ ਸਮਾਜ ਪ੍ਰਤੀ ਭੂਮਿਕਾ ਬਾਰੇ ਚਰਚਾ ਕਰਦਿਆਂ ਕੌਮੀ ਸੇਵਾ ਯੋਜਨਾ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਉਨਾਂ ਕੌਮੀ ਸੇਵਾ ਯੋਜਨਾ ਰਾਹੀਂ ਖ਼ੂਬਸੂਰਤ ਸ਼ਖ਼ਸੀਅਤ ਉਸਾਰੀ ਦੇ ਗੁਰ ਵੀ ਦੱਸੇ। ਡਾ. ਖੰਨਾ ਨੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਦੇ ਹਵਾਲੇ ਨਾਲ ਸਫ਼ਲ ਜੀਵਨ ਜਿਉਣ ਦਾ ਸੁਨੇਹਾ ਦਿੱਤਾ। ਪ੍ਰੋ. ਰਜਨਦੀਪ ਨੇ ਅਜੋਕੀੇ ਨੌਜਵਾਨੀ ਦੇ ਸੰਦਰਭ ਵਿਚ ਅਧਿਆਪਕਾਂ ਅਤੇ ਮਾਪਿਆਂ ਪ੍ਰਤੀ ਬਣਦੇ ਫ਼ਰਜ਼ਾਂ ਬਾਰੇ ਚਰਚਾ ਕੀਤੀ। ਲੇਖ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਵੱਲੋਂ ਆਪਣੇ ਲੇਖਾਂ ਵਿਚਲੇ ਵਿਚਾਰਾਂ ਨੂੰ ਮੌਖਿਕ ਤੌਰ `ਤੇ ਸਾਥੀ ਨੌਜਵਾਨ ਵਿਦਿਆਰਥੀਆਂ ਨਾਲ ਬਹੁਤ ਪ੍ਰਸ਼ੰਸਾਮਈ ਤਰੀਕੇ ਨਾਲ ਸਾਂਝਾ ਕੀਤਾ ਗਿਆ। ਇਸ ਮੌਕੇ ਕੌਮੀ ਸੇਵਾ ਯੋਜਨਾ ਦੇ ਵਿਦਿਆਰਥੀ ਵਲੰਟੀਅਰ ਹਾਜ਼ਰ ਸਨ।