ਅਸ਼ੋਕ ਵਰਮਾ
ਨਵੀਂ ਦਿੱਲੀ, 20ਜਨਵਰੀ2021: ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਦਿੱਲੀ ਕਿਸਾਨ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਟਿੱਕਰੀ ਬਾਰਡਰ ਨੇੜੇ ਲਾਈ ਸਟੇਜ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੀ। ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੱਡ ਅਕਾਰੀ ਤਸਵੀਰ ਤੇ ਸੂਬਾ ਕਮੇਟੀ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਗੁਰੂ ਜੀ ਨੂੰ ਯਾਦ ਕਰਦਿਆਂ ਜਬਰ ਜੁਲਮ ਅਤੇ ਕਾਣੀ ਵੰਡ ਖਿਲਾਫ ਅੰਦੋਲਨ ਜਾਰੀ ਰੱਖਣ ਦਾ ਅਹਿਦ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਾਣੀ ਵੰਡ ਖਿਲਾਫ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਹ ਵਿਚਾਰਾਂ ਦੀ ਲੜਾਈ ਸ਼ੁਰੂ ਹੋਈ ਸੀ ਜਿਸ ਤਹਿਤ ਗੁਰੂ ਜੀ ਨੇ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਅਤੇ ‘ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ’ ਸ਼ਲੋਕ ਦਰਜ ਹਨ।
ਉਹਨਾਂ ਆਖਿਆ ਕਿ ਦਸਮ ਪਿਤਾ ਨੇ ਆਪਣਾ ਸਾਰਾ ਪਰਿਵਾਰ ਉਦੋਂ ਦੇ ਮੁਗਲ ਹਾਕਮਾਂ ਵੱਲੋਂ ਗਰੀਬ ਲੋਕਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਖਿਲਾਫ ਲੜਾਈ ਦੌਰਾਨ ਵਾਰ ਦਿੱਤਾ ਸੀ । ਉਹਨਾਂ ਦੱਸਿਆ ਕਿ ਜਦੋਂ ਔਰੰਗਜੇਬ ਧੱਕੇ ਨਾਲ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਦਾ ਜਬਰੀ ਧਰਮ ਤਬਦੀਲ ਕਰਾ ਕੇ ਮੁਸਲਮਾਨ ਬਣਾਉਣ ਲੱਗਿਆ ਤਾਂ ਧਰਮ ਦੀ ਰਾਖੀ ਲਈ ਗੁਰੂ ਜੀ ਨੇ ਬਾਲ ਉਮਰੇ ਹੀ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਜਾ ਕੇ ਕੁਰਬਾਨੀ ਦੇਣ ਲਈ ਤੋਰਿਆ। ਉਹਨਾਂ ਦੱਸਿਆ ਕਿ ਫਿਰ ਉਹਨਾਂ ਨੇ ਜੁਲਮ ਦੇ ਖਿਲਾਫ ਲੜਨ ਲਈ ਖਾਲਸਾ (ਬਿਨਾਂ ਕਿਸੇ ਧਰਮ ਜਾਤ ਪਾਤ ਦੇ) ਫੌਜ ਤਿਆਰ ਕੀਤੀ ਜਿਸ ਵਿੱਚ ਮਾਈ ਭਾਗੋ ਵਰਗੀਆਂ ਔਰਤਾਂ ਨੇ ਵੀ ਹਿੱਸਾ ਲਿਆ। ਮੁਗਲਾਂ ਨਾਲ ਜੰਗ ਦੌਰਾਨ ਇਸ ਫੌਜ ਵਿੱਚ ਵੱਡੇ ਸਾਹਿਬਜਾਦੇ ਸ਼ਹੀਦ ਹੋ ਗਏ।ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਨੇ ਜਾਬਰ ਰਾਜਿਆਂ ਦੀ ਈਨ ਨਾ ਮੰਨਦੇ ਹੋਏ ਸ਼ਹਾਦਤਾਂ ਦਿੱਤੀਆਂ ਸਨ।
ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਉਦੋਂ ਦੇ ਜਾਬਰ ਰਾਜਿਆਂ ਨੇ ਜਮੀਨਾਂ ਤੇ ਕਬਜੇ ਕਰ ਕੇ ਪਿੰਡਾਂ ਵਿੱਚ ਆਪਣੇ ਚੌਧਰੀ ਰੱਖੇ ਹੋਏ ਸਨ ਜੋ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਮਜਦੂਰਾਂ ਤੋਂ ਬਟਾਈ ਬਦਲੇ ਧੱਕੇ ਨਾਲ ਅਨਾਜ ਲੈਂਦੇ ਅਤੇ ਉਹਨਾਂ ਦਾ ਬਹੁਤ ਸ਼ੋਸ਼ਣ ਕਰਦੇ ਸਨ ਤਾਂ ਗੁਰੂ ਸਾਹਿਬ ਨੇ ‘ਕੋ ਕਾਹੂੰ ਕੋ ਰਾਜ ਨਾ ਦੇ ਹੈ,ਜੋ ਲੇ ਹੈ ਨਿੱਜ ਬਲ ਸੇ ਲੇ ਹੈ’ ਦੇ ਨਾਅਰੇ ਹੇਠ ਜਾਲਮ ਰਾਜਿਆਂ ਖਿਲਾਫ ਲੜਾਈ ਲੜੀ ਤੇ ਉਹਨਾਂ ਨੇ ਜਮੀਨ ਪ੍ਰਾਪਤੀ ਦੀ ਜੰਗ ਲਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਫੌਜ ਨੂੰ ਨੰਦੇੜ ਸਾਹਿਬ ਤੋ ਪੰਜਾਬ ਤੋਰਿਆ। ਉਹਨਾਂ ਆਖਿਆ ਕਿ ਅੱਜ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਣੀ ਵਕਤ ਦੀ ਲੋੜ ਹੈ। ਅੱਜ ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਦੀ ਟੀਮ, ਹਰਫ ਚੀਮਾਂ ਅਤੇ ਗਾਲਿਬ ਵੜੈਚ ਨੇ ਆਪਣੇ ਭਾਸ਼ਣਾਂ ਅਤੇ ਗੀਤਾਂ ਰਾਹੀਂ ਸ਼ਾਂਤਮਈ ਮੋਰਚੇ ਵਿਚ ਡਟੇ ਰਹਿਣ ਦਾ ਸੱਦਾ ਦਿੱਤਾ।ਇਸ ਮੌਕੇ ਹਰਿੰਦਰ ਬਿੰਦੂ ,ਰੂਪ ਸਿੰਘ ਚੰਨਾ, ਅਮਰੀਕ ਸਿੰਘ ਗੰਢੂਆਂ,ਜਸਵੰਤੂ ਸਦਰਪੁਰ ਅਤੇ ਬਸੰਤ ਕੋਠਾ ਗੁਰੂ ਹਾਜਰ ਸਨ।