ਬਲਵਿੰਦਰ ਸਿੰਘ ਧਾਲੀਵਾਲ
- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਖੇਡਿਆ ਨਸ਼ਿਆਂ ਦੀ ਰੋਕਥਾਮ ਲਈ ਨਾਟਕ
ਸੁਲਤਾਨਪੁਰ ਲੋਧੀ, 21 ਜਨਵਰੀ 2021 - ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਨਾਟਕਾਂ ਰਾਹੀਂ ਪਲਾਸਟਿਕ ਦੇ ਚੌਗਿਰਦੇ ’ਤੇ ਪੈਂਦੇ ਮਾੜੇ ਪ੍ਰਭਾਵ ਬਾਰੇ ਜਾਣੂੰ ਕਰਵਾਉਣ ਤੇ ਨਸ਼ਿਆਂ ਦੀ ਰੋਕਥਾਮ ਬਾਰੇ ਜਾਗਰੂਕਤਾ ਲਈ ਕੰਮ ਕਰਨ ਵਾਲੇ ‘ਲੱਕ ਸਟੋਨ ਵੈਲਫੇਅਰ ਫਾਊਂਡੇਸਨ’ ਨਾਲ ਜੁੜੇ 23 ਬੱਚਿਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਹੁਲ ਚਾਬਾ ਤੇ ਐਸ ਡੀ ਐਮ ਵਰਿੰਦਰਪਾਲ ਸਿੰਘ ਬਾਜਵਾ ਨੇ ਵੀ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ , ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਲਈ ‘ਡੈਪੋ’ ਤੇ ‘ਬੱਡੀ’ ਵਰਗੇ ਅਨੇਕਾਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਦੇ ਸਾਰਥਿਕ ਨਤੀਜੇ ਨਿਕਲੇ ਹਨ।
ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਇਸ ਮੁਹਿੰਮ ਦਾ ਹਿੱਸਾ ਬਣਨਾ ਬਹੁਤ ਅਹਿਮ ਹੈ ਕਿਉਂਕਿ ਉਹ ਨਾ ਸਿਰਫ ਆਪਣੇ ਆਸੇ-ਪਾਸੇ ਲੋਕਾਂ ਨੂੰ ਪਲਾਸਟਿਕ ਦੀ ਬੇਲੋੜੀ ਵਰਤੋਂ ਤੇ ਨਸ਼ਿਆਂ ਕਾਰਨ ਹੋ ਰਹੇ ਸਮਾਜਿਕ ਘਾਣ ਬਾਰੇ ਜਾਣੂੰ ਕਰਵਾ ਸਕਦੇ ਹਨ ਉੱਥੇ ਹੀ ਇਸ ਨਾਲ ਭਵਿੱਖ ਦੀ ਪੀੜ੍ਹੀ ਤੱਕ ਸੁਖਦ ਸੁਨੇਹਾ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਸਮਾਜ ਸੇਵਾ ਲਈ ਕੰਮ ਕਰਨ ਵਾਲੇ ਨੌਜਵਾਨਾਂ ਦਾ ਉਤਸ਼ਾਹ ਵਧਾਉਣ ਲਈ ਹਮੇਸ਼ਾ ਤਤਪਰ ਹੈ ਅਤੇ ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਵਿਰੁੱਧ ਪਹਿਰੇਦਾਰ ਦੀ ਭੂਮਿਕਾ ਨਿਭਾਉਣ।
ਇਸ ਮੌਕੇ ਬੱਚਿਆਂ ਨੇ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਇਕ ਨਾਟਕ ਵੀ ਖੇਡਿਆ ਜਿਸ ਰਾਹੀਂ ਨਸ਼ਿਆਂ ਦੀ ਵਰਤੋਂ ਕਾਰਨ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ ਗਿਆ। ਬੱਚਿਆਂ ਵਲੋਂ ਪਲਾਸਟਿਕ ਦੀ ਰਹਿੰਦ ਖੂੰਹਦ ਤੋਂ ਬਣਾਇਆ ਇਕ ਸਟੂਲ ਵੀ ਡਿਪਟੀ ਕਮਿਸ਼ਨਰ ਵਲੋਂ ਸਰਾਹਿਆ ਗਿਆ।