ਅਸ਼ੋਕ ਵਰਮਾ
ਬਠਿੰਡਾ,21ਜਨਵਰੀ2021: ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਨੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਹਲਕੇ ’ਚ ਪੈਂਦੇ ਭਗਤਾ ਭਾਈ ’ਚ ਮਾਲ ਹਲਕਾ ਮਲੂਕਾ ਵਨ ਦੇ ਪਟਵਾਰੀ ਜਸਕਰਨ ਸਿੰਘ ਨੂੰ 5 ਹਜਾਰ ਰੁਪਏ ਵੱਢੀ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਰੇਂਜ ਨਰਿੰਦਰ ਭਾਰਗਵ ਨੇ ਦੱਸਿਆ ਕਿ ਹਰਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਮਲੂਕਾ ਤਹਿਸੀਲ ਫੂਲ ਜਿਲ੍ਹਾ ਬਠਿੰਡਾ ਨੇ ਵਿਜੀਲੈਂਸ ਨੂੰ ਸ਼ਕਾਇਤ ਦਿੱਤੀ ਸੀ। ਉਹਨਾਂ ਦੱਸਿਆ ਕਿ ਹਰਜੀਤ ਸਿੰਘ ਅਤੇ ਰੂਪ ਸਿੰਘ ਪੁੱਤਰ ਅਮਰ ਸਿੰਘ ਵਾਸੀ ਫੂਲ ਨੇ ਆਪੋ -ਆਪਣੀ 8 ਕਨਾਲਾਂ ਜਮੀਨ ਦਾ ਆਪਸ ’ਚ ਤਬਾਦਲਾ ਕਰ ਲਿਆ ਸੀ। ਇਸ ਤਬਾਦਲੇ ਤਹਿਤ ਇਸ ਰਕਬੇ ਨੂੰ ਮੁਤਾਬਕ ਮਾਲ ਰਿਕਾਰਡ ਹਲਕਾ ਪਟਵਾਰੀ ਰਾਹੀਂ ਦਰਜ ਕਰਵਾਇਆ ਜਾਣਾ ਸੀ।
ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਹਰਜੀਤ ਸਿੰਘ ਨੇ ਇੱਕ ਸਾਂਝੀ ਦਰਖਾਸਤ ਰਾਹੀਂ ਕਰੀਬ 10 ਦਿਨ ਪਹਿਲਾਂ ਪਟਵਾਰੀ ਜਸਕਰਨ ਸਿੰਘ ਨੂੰ ਦਿੱਤੀ, ਸੀ।ਉਹਨਾਂ ਦੱਸਿਆ ਕਿ ਇਸ ਇੰਤਕਾਲ ਬਦਲੇ 8 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਉਹਨਾਂ ਦੱਸਿਆ ਕਿ 18 ਜਨਵਰੀ ਨੂੰ ਹਰਜੀਤ ਸਿੰਘ ਪਟਵਾਰੀ ਨੂੰ ਦੁਬਾਰਾ ਮਿਲਿਆ ਸੀ ਅਤੇ ਗੱਲਬਾਤ ਕਰਨ ਤੇ ਪਟਵਾਰੀ ਦੋ ਕਿਸ਼ਤਾਂ ਵਿੱਚ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਅੱਜ ਜਦੋਂ ਹਰਜੀਤ ਸਿੰਘ ਨੇ ਭਗਤਾ ਭਾਈ ਪਟਵਾਰ ਖਾਨੇ ’ਚ ਹਰਜੀਤ ਸਿੰਘ ਨੇ ਜਸਕਰਨ ਸਿੰਘ ਨੂੰ ਪੰਜ ਹਜਾਰ ਰੁਪਿਆ ਰਿਸ਼ਵਤ ਵਜੋਂ ਦਿੱਤੇ ਤਾਂ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਜਸਕਰਨ ਸਿੰਘ ਨੂੰ ਦਬੋਚ ਲਿਆ। ਉਹਨਾਂ ਦੱਸਿਆ ਕਿ ਇਸ ਸਬੰਧ ’ਚ ਧਾਰਾ 7 ਪੀ.ਸੀ.ਐਕਟ 1988 ਐਜ ਅਮੈਡਿਡ ਬਾਏ ਪੀ.ਸੀ. (ਅਮੈਡਮੈਂਟ) ਐਕਟ 2018 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।