ਹਰਜਿੰਦਰ ਸਿੰਘ ਭੱਟੀ
- ਕੱਲ ਤੋਂ ਪੰਛੀਆਂ ਦੀ ਕੱਲਿੰਗ ਸਬੰਧੀ ਪ੍ਰਕਿਰਿਆ ਹੋਵੇਗੀ ਸ਼ੁਰੂ
- 25 ਕੱਲਿੰਗ ਟੀਮਾਂ ਤਾਇਨਾਤ
- ਨਿਗਰਾਨੀ ਜਾਰੀ ਅਤੇ ਨਮੂਨੇ ਲਏ ਗਏ, ਆਰਆਰਟੀਜ਼ ਪੂਰੀ ਤਰ੍ਹਾਂ ਤਿਆਰ
- ਮਨੁੱਖਾਂ ਵਿੱਚ ਇਸ ਵਾਇਰਸ ਲਾਗ ਦੇ ਲੱਛਣਾਂ ਦਾ ਪਤਾ ਲਗਾਉਣ ਲਈ ਪ੍ਰਭਾਵਿਤ ਪੋਲਟਰੀ ਫਾਰਮਾਂ ਵਿੱਚ ਪੰਛੀਆਂ ਨੂੰ ਸੰਭਾਲਣ ਵਾਲੇ ਵਿਅਕਤੀਆਂ ਦੀ ਡਾਕਟਰਾਂ ਵਲੋਂ ਕੀਤੀ ਜਾਵੇਗੀ ਜਾਂਚ
ਐਸ ਏ ਐਸ ਨਗਰ, 21 ਜਨਵਰੀ 2021 - ਪੰਛੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭੇਜੇ ਗਏ ਟਿਸ਼ੂ ਦੇ ਨਮੂਨਿਆਂ ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਓਰਿਟੀ ਐਨੀਮਲ ਡੀਸੀਜ਼ (ਐਨਆਈਐਚਐਸਏਡੀ) ਭੋਪਾਲ ਵਲੋਂ ਵਰਡ ਫਲੂ ਪਾਏ ਜਾਣ ਦੀ ਪੁਸ਼ਟੀ ਤੋਂ ਬਾਅਦ ਡਿਪਟੀ ਕਮਿਸ਼ਨਰ ਐਸਏਐਸ ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਦਾ ਮੁੱਖ ਤਰੀਕਾ ਪ੍ਰਭਾਵਿਤ ਪੰਛੀਆਂ ਦੀ ਕੱਲਿੰਗ ਕਰਨਾ ਹੈ। ਕੱਲਿੰਗ ਕਰਨ ਦੀ ਪ੍ਰਕਿਰਿਆ 22 ਜਨਵਰੀ ਨੂੰ ਡੇਰਾਬਸੀ ਦੇ ਦੋ ਪ੍ਰਭਾਵਿਤ ਪੋਲਟਰੀ ਫਾਰਮਾਂ ਵਿੱਚ ਸ਼ੁਰੂ ਕੀਤੀ ਜਾਵੇਗੀ।
ਪੰਜ ਮੈਂਬਰਾਂ ਵਾਲੀਆਂ 25 ਟੀਮਾਂ ਡੇਰਾਬਾਸੀ ਦੇ ਅਲਫ਼ਾ ਅਤੇ ਰਾਇਲ ਪੋਲਟਰੀ ਫਾਰਮਾਂ ਵਿੱਚ ਜਾਨਵਰਾਂ/ਪੰਛੀਆਂ ਦੀ ਕੱਲਿੰਗ ਕਰਨ ਦੀ ਸ਼ੁਰੂਆਤ ਕਰਨਗੀਆਂ। ਇਹਨਾਂ ਪ੍ਰਭਾਵਤ ਖੇਤਰਾਂ ਵਿਚ 50,000 ਤੋਂ ਵੱਧ ਪੰਛੀਆਂ ਦੀ ਕੱਲਿੰਗ ਕਰਨ ਦੀ ਸੰਭਾਵਨਾ ਹੈ।
ਲੋੜੀਂਦੇ ਸੁਰੱਖਿਆ ਉਪਕਰਨਾਂ ਸਮੇਤ ਪੀਪੀਈ ਕਿੱਟਾਂ ਅਤੇ ਫੇਸ ਸ਼ੀਲਡਾਂ ਦੇ ਨਾਲ ਨਾਲ ਜੇਸੀਬੀ ਮਸ਼ੀਨਾਂ ਕੱਲਿੰਗ ਟੀਮਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਕੁਆਰੰਟੀਨ ਸਬੰਧੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਇਸ ਦੌਰਾਨ, ਸ੍ਰੀ ਗਿਰੀਸ਼ ਦਿਆਲਾਨ ਨੇ ਦੱਸਿਆ, "ਇਹਨਾਂ ਖੇਤਰਾਂ ਵਿਚ ਪੋਲਟਰੀ ਪਾਲਣ ਸਬੰਧੀ ਕਿਸੇ ਕਿਸਮ ਦੀ ਵਪਾਰਕ ਗਤੀਵਿਧੀ 'ਤੇ ਨਿਗਾਂਹ ਰੱਖਣ ਲਈ ਪ੍ਰਭਾਵਿਤ ਖੇਤਰ ਦੇ ਦਸ ਕਿਲੋਮੀਟਰ ਦੇ ਇਲਾਕੇ ਨੂੰ ਕੰਟੇਨਮੈਂਟ ਖੇਤਰ ਬਣਾਇਆ ਗਿਆ ਹੈ।" ਜ਼ਿਲੇ ਵਿਚ ਪੰਛੀਆਂ (ਕਾਂ / ਪ੍ਰਵਾਸੀ ਪੰਛੀ / ਜੰਗਲੀ ਪੰਛੀਆਂ) ਦੀ ਮੌਤ 'ਤੇ ਨਜ਼ਰ ਰੱਖਣ ਲਈ ਦੋ ਰੈਪਿਡ ਰਿਸਪਾਂਸ ਟੀਮਾਂ (ਆਰਆਰਟੀਜ਼) ਵੀ ਤਾਇਨਾਤ ਕੀਤੀਆਂ ਗਈਆਂ ਹਨ।
ਮੁੱਢਲੀਆਂ ਰਿਪੋਰਟਾਂ ਅਨੁਸਾਰ ਏਵੀਅਨ ਇਨਫਲੂਐਂਜ਼ਾ ਵਿਚ ਸ਼ਾਮਲ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਦਾ ਹੈ। ਇਸ ਲਈ ਮਨੁੱਖਾਂ ਵਿੱਚ ਇਸ ਦੀ ਲਾਗ ਦੇ ਲੱਛਣਾਂ ਦਾ ਪਤਾ ਲਗਾਉਣ ਲਈ ਪ੍ਰਭਾਵਿਤ ਪੋਲਟਰੀ ਫਾਰਮਾਂ ਵਿੱਚ ਪੰਛੀਆਂ ਨੂੰ ਸੰਭਾਲਣ ਵਾਲੇ ਵਿਅਕਤੀਆਂ ਦੀ ਡਾਕਟਰਾਂ ਵਲੋਂ ਜਾਂਚ ਕੀਤੀ ਜਾਵੇਗੀ।