ਅਸ਼ੋਕ ਵਰਮਾ
ਚੰਡੀਗੜ, 22 ਜਨਵਰੀ 2021: ਦਿੱਲੀ ’ਚ 26 ਜਨਵਰੀ ਦੀ ਟਰੈਕਟਰ ਪਰੇਡ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ 23 ਜਨਵਰੀ ਨੂੰ ਤਕਰੀਬਨ20 ਹਜਾਰ ਟਰੈਕਟਰਾਂ ਦੇ ਠਾਠਾਂ ਮਾਰਦੇ ਇਕੱਠਾਂ ਵਾਲੇ ਕਾਫਲੇ ਬਠਿੰਡਾ ਜਿਲ੍ਹੇ ਦੇ ਡੱਬਵਾਲੀ ਅਤੇ ਸੰਗਰੂਰ ਜਿਲ੍ਹੇ ਦੇ ਖਨੌਰੀ ਬਾਰਡਰ ਰਾਹੀਂ ਕੂਚ ਕਰਨਗੇ ਜਿਹਨਾਂ ਦੇ ਦੇਰ ਰਾਤ ਤੱਕ ਦਿੱਲੀ ਪੁੱਜਣ ਦੇ ਅਨੁਮਾਨ ਹਨ। ਮੰਨਿਆ ਜਾ ਰਿਹਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਰਸਤੇ ’ਚ ਰੋੜੇ ਅਟਕਾਉਣ ਦੇ ਖਦਸ਼ਿਆਂ ਨੂੰ ਦੇਖਦਿਆਂ ਅਗੇਤਾ ਹੀ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ। ਬੀਕੇਯੂ ਉਗਰਾਹਾਂ ਨੇ 21 ਜਨਵਰੀ ਨੂੰ ਪੰਜਾਬ ਦੇ 16 ਜਿਲ੍ਹਿਆਂ ’ਚ ਆਪਣੀ ਤਾਕਤ ਦਾ ਵਿਖਾਵਾ ਕਰਨ ਤੋਂ ਬਾਅਦ ਦਿੱਲੀ ਮਾਰਚ ਲਈ ਤਿਆਰੀਆਂ ਨੂੰ ਅੰਤਮ ਛੋਹਾਂ ਦੇ ਦਿੱਤੀਆਂ ਹਨ।
ਉਂਜ ਅੱਜ ਵੀ ਜੱਥੇਬੰਦੀ ਵੱਲੋਂ ਕੁੱਝ ਪਿੰਡਾਂ ’ਚ ਟਰੈਕਟਰ ਮਾਰਚ ਕਰਕੇ ਰਿਹਰਸਲ ਦੀਆਂ ਰਿਪੋਰਟਾਂ ਵੀ ਹਨ। ਦੱਸਿਆ ਜਾਂਦਾ ਹੈ ਕਿ ਯੂਨੀਅਨ ਦੇ ਕਾਰਕੁੰਨ ਪਿਛਲੇ ਇੱਕ ਹਫਤੇ ਤੋਂ ਟਰੈਕਟਰਾਂ ਦੀ ਜਾਂਚ ਕਰਕੇ ਮੁਰੰਮਤ ਆਦਿ ਦਾ ਕੰਮ ਨਿਬੇੜਨ ’ਚ ਜੁਟੇ ਹੋਏ ਹਨ। ਵੱਡੀ ਗਿਣਤੀ ’ਚ ਨੌਜਵਾਨਾਂ ਨੇ ਤਾਂ ਆਪਣੇ ਖੇਤਾਂ ਦੇ ਰਾਜਿਆਂ ਨੂੰ ਸ਼ਿੰਗਾਰਨਾ ਸ਼ੁਰੂ ਕੀਤਾ ਹੋਇਆ ਹੈ। ਵੱਡੀ ਗੱਲ ਹੈ ਕਿ ਧੀਆਂ ਵੀ ਇਸ ਮਾਰਚ ਲਈ ਉਤਸ਼ਾਹ ਨਾਲ ਭਰੀਆਂ ਹੋਈਆਂ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਮਾਰਚ ਦੌਰਾਨ ਨੌਜਵਾਨ ਕਿਸਾਨਾਂ ਮਜਦੂਰਾਂ ਵਿਚਲਾ ਜੋਸ਼ ਮੋਦੀ ਸਰਕਾਰ ਅਤੇ ਭਾਰਤੀ ਜੰਤਾ ਪਾਰਟੀ ਨੂੰ ਸਿਆਸੀ ਤੌਰ ਤੇ ਵੱਡੀ ਸੱਟ ਮਾਰਨ ਲਈ ਤਿਆਰ ਬਰ ਤਿਆਰ ਹੈ।
ਉਹਨਾਂ ਆਖਿਆ ਕਿ ਜੇਕਰ ਕਿਸਾਨਾਂ ਤੋਂ ਮੰਡੀਆਂ ਹੀ ਖੋਹ ਲਈਆਂ ਗਈਆਂ ਤਾਂ ਕਿਸਾਨ ਕਿੱਥੇ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਮਰੀਕਾ ਅਤੇ ਯੂਰਪੀਨ ਦੇਸ਼ਾਂ ਵਿਚਲਾ ਦਾ ਅਸਫਲ ਹੋ ਚੁੱਕਾ ਸਿਸਟਮ ਦੇਸ਼ ਦੇ ਖੇਤੀ ਖੇਤਰ ’ਤੇ ਥੋਪਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਦਿੱਲੀ ਮੋਰਚੇ ’ਚ ਡਟੇ ਲੋਕ ਖਾਲੀ ਹੱਥ ਘਰਾਂ ਨੂੰ ਨਹੀਂ ਪਰਤਣਗੇ ਪਰ ਇਹ ਅਵਾਜ਼ ਮੋਦੀ ਹਕੂਮਤ ਨੂੰ ਸੁਣਾਈ ਨਹੀਂ ਦੇ ਰਹੀ ਹੈ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਖਾਤਰ ਖੇਤੀ ਕਾਨੂੰਨ ਬਣਾਕੇ ਕਿਸਾਨੀ ਅਤੇ ਜਵਾਨੀ ਨੂੰ ਚੁਣੌਤੀ ਦਿੱਤੀ ਹੈ ਜਿਸ ਕਰਕੇ ਹੁਣ ਬੀਜੇਪੀ ਹਕੂਮਤ ਦੀ ਅੜੀ ਭੰਨਣ ਵਾਸਤੇ 26 ਜਨਵਰੀ ਦਾ ਟਰੈਕਟਰ ਮਾਰਚ ਕਰਨਲਈ ਤਿਆਰੀ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਨੌਜਵਾਨਾਂ ਨੂੰ ਮੁਸਤੈਦ ਰਹਿਣ ਦਾ ਸੱਦਾ
ਸੂਬਾ ਆਗੂਆਂ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਸੁਖਦੀਪ ਸਿੰਘ ਕੋਠਾਗੁਰੂ,ਚਮਕੌਰ ਸਿੰਘ ਨੈਣੇਵਾਲ,ਜਸਵਿੰਦਰ ਸਿੰਘ ਬਰਾਸ ਅਤੇ ਸੁਨੀਲ ਕੁਮਾਰ ਭੋਡੀਪੁਰਾ ਆਦਿ ਆਗੂਆਂ ਨੇ ਮੋਰਚੇ ’ਚ ਸ਼ਾਮਲ ਸਮੂਹ ਕਿਸਾਨਾਂ ਮਜਦੂਰਾਂ, ਨੌਜਵਾਨਾਂ ਨੂੰ ਖੁਫੀਆ ਏਜੰਸੀਆਂ ਅਤੇ ਅਸ਼ਾਂਤੀ ਫੈਲਾਉਣ ਵਾਲੇ ਅਨਸਰਾਂ ਦੀਆਂ ਭੜਕਾਊ ਕਾਰਵਾਈਆਂ ਤੋਂ ਪੂਰੇ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ। ਉਹਨਾਂ ਆਖਿਆ ਕਿ ਹੱਡਚੀਰਵੀਂ ਠੰਢ ’ਚ ਲਗਾਤਾਰ ਸ਼ਹੀਦੀਆਂ ਪਾਉਣ ਦੇ ਬਾਵਜੂਦ ਵੀ ਜਾਨਹੂਲਵੇਂ ਸੰਘਰਸ਼ ਵਿੱਚ ਸ਼ਾਂਤਮਈ ਡਟੇ ਲੱਖਾਂ ਕਿਸਾਨਾਂ ਮਜਦੂਰਾਂ ’ਤੇ ਹਿੰਸਕ ਹੋਣ ਦਾ ਬਹਾਨਾ ਬਣਾ ਕੇ ਮੋਦੀ ਸਰਕਾਰ ਸਾਮਰਾਜੀਆਂ ਲਈ ਜਾਬਰ ਹੱਲਾ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ।