- ‘ਸਮਾਰਟ ਵਿਲੇਜ’ ਤੇ ‘ਮਗਨਰੇਗਾ’ ਤਹਿਤ ਚੱਲ ਰਹੇ ਕੰਮ ਬਦਲਣਗੇ ਪਿੰਡਾਂ ਦੀ ਨੁਹਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 22 ਜਨਵਰੀ 2021 - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪਿੰਡਾਂ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਤੇਜ ਕਰਨ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਬਣਾਈ ਰੱਖਣ ਦੇ ਮਕਸਦ ਨਾਲ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵਲੋਂ ਅੱਜ ਕਪੂਰਥਲਾ ਜਿਲ੍ਹੇ ਦੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਗਿਆ।
ਸ. ਭੁੱਲਰ ਵਲੋਂ ਪਿੰਡ ਧਾਲੀਵਾਲ ਦੋਨਾ, ਵਡਾਲਾ ਕਲਾਂ, ਇੱਬਣ ਤੇ ਖੋਜੇਵਾਲ ਦਾ ਦੌਰਾ ਕਰਕੇ ‘ਸਮਾਰਟ ਵਿਲੇਜ’ ਤੇ ਮਗਨਰੇਗਾ ਤਹਿਤ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਸੀਮਾ ਜੈਨ ਦੀ ਪਹਿਲਕਦਮੀ ਸਦਕਾ ਪਿੰਡਾਂ ਅੰਦਰ ਵੀ ਸ਼ਹਿਰਾਂ ਦੀ ਤਰਜ ’ਤੇ ਪੱਕੀਆਂ ਕੰਕਰੀਟ ਦੀਆਂ ਗਲੀਆਂ, ਹਰੇਕ ਬਲਾਕ ਅੰਦਰ 5-5 ਖੇਡ ਸਟੇਡੀਅਮ, ਸਟਰੀਟ ਲਾਇਟਾਂ ਤੇ ਪਾਰਕਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜਿਲ੍ਹੇ ਨੂੰ ਮਗਨਰੇਗਾ ਤਹਿਤ 46 ਕਰੋੜ ਰੁਪੈ ਦੇ ਫੰਡ ਜਾਰੀ ਹੋਏ ਹਨ, ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ।
ਸੰਯੁਕਤ ਡਾਇਰੈਕਟਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਵੱਲ ਜ਼ੋਰ ਦਿੰਦਿਆਂ ਕਿਹਾ ਕਿ ਪੰਚਾਇਤਾਂ ਆਪੋ ਆਪਣੇ ਪਿੰਡਾਂ ਅੰਦਰ ਪੌਦਿਆਂ ਨੂੰ ਕੋਹਰੇ ਤੋਂ ਬਚਾਉਣ ਵੱਲ ਵਿਸ਼ੇਸ ਤਵੱਜ਼ੋ ਦੇਣ।
ਉਨ੍ਹਾਂ ਪੰਚਾਇਤਾਂ ਨੂੰ ਕਿਹਾ ਕਿ ਉਹ ਵਿਕਾਸ ਕੰਮਾਂ ਦੀ ਨਿਗਰਾਨੀ ਲਗਾਤਾਰ ਕਰਨ ਤਾਂ ਜੋ ਮਿੱਥੇ ਸਮੇਂ ਅੰਦਰ ਕੰਮ ਪੂਰਾ ਕਰਨ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਨੂੰ ਵੀ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਬੀ ਡੀ ਪੀ ਓ ਅਮਰਜੀਤ ਸਿੰਘ, ਆਈ ਟੀ ਮੈਨੇਜ਼ਰ ਰਾਜ ਸਰਾਏ ਤੇ ਸਹਾਇਕ ਪ੍ਰੋਗਰਾਮ ਅਫਸਰ ਵਿਸ਼ਾਲ ਅਰੋੜਾ ਤੇ ਪਿੰਡਾਂ ਦੇ ਸਰਪੰਚ ਤੇ ਪੰਚ ਵੀ ਹਾਜ਼ਰ ਸਨ।