ਅਸ਼ੋਕ ਵਰਮਾ
ਨਵੀਂ ਦਿੱਲੀ, 22 ਜਨਵਰੀ 2021: ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਤੱਕ ਮੁਅੱਤਲ ਰੱਖਣ ਦੀ ਤਜਵੀਜ ਰੱਦ ਕਰਨ ਤੋਂ ਬਾਅਦ ਜੱਥੇਬੰਦੀਆਂ ਨੇ ਟਰੈਕਟਰ ਪਰੇਡ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿੱਕਰੀ ਬਾਰਡਰ ਨੇੜੇ ਸਟੇਜ ਤੋਂ ਸੰਬਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਫੈਸਲੇ ਮੁਤਾਬਕ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26 ਜਨਵਰੀ ਨੂੰ ਦਿੱਲੀ ਦੀ ਰਿੰਗ ਰੋਡ ਤੇ ਟਰੈਕਟਰ ਪਰੇਡ ਕਰਨ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਉਹਨਾਂ ਦੱਸਿਆ ਕਿ ਪਰੇਡ ਪੂਰੀ ਤਰਾਂ ਸ਼ਾਂਤੀ ਪੂਰਵਕ ਕੀਤੀ ਜਾਵੇਗੀ ਅਤੇ ਇਸ ਦੇ ਪ੍ਰਬੰਧਾਂ ਲਈ ਹਜਾਰਾਂ ਵਲੰਟੀਅਰ ਸਿੱਖਿਅਤ ਕੀਤੇ ਜਾ ਰਹੇ ਹਨ ਜਿਹਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਰਕਾਰ ਜਾਂ ਹੋਰ ਫੁੱਟ ਪਾਊ ਤਾਕਤਾਂ ਵੱਲੋਂ ਅੰਦੋਲਨ ਵਿੱਚ ਖਲਲ ਪਾਉਣ ਦੀ ਹਰ ਕੋਸ਼ਿਸ਼ ਤੇ ਬਾਜ ਅੱਖ ਰੱਖੀ ਜਾਵੇਗੀ।
ਉਹਨਾਂ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਟਰੈਕਟਰ ਪਰੇਡ ਤੋਂ ਅਮਨ-ਕਾਨੂੰਨ ਦੇ ਖਤਰੇ ਦਾ ਹਊਆ ਖੜਾ ਕਰ ਰਹੀ ਹੈ। ਕਿਸਾਨ ਜਥੇਬੰਦੀਆਂ ਦੀ ਸੁਚੱਜੀ ਅਗਵਾਈ ਅਤੇ ਜਾਬਤੇ ਵਿੱਚ ਸੰਘਰਸ ਪੂਰੀ ਤਰਾ ਸਾਂਤੀ ਪੂਰਵਕ ਚੱਲ ਰਿਹਾ ਹੈ ਅਤੇ ਹੁਣ ਵੀ ਜਥੇਬੰਦੀਆਂ ਇਸ ਘੋਲ ਨੂੰ ਜਿੱਤ ਤੱਕ ਪੂਰੇ ਜਬਤ ਅਤੇ ਅਮਨ-ਅਮਾਨ ਨਾਲ ਜਾਰੀ ਰੱਖਣਗੀਆਂ। ਕਿਸਾਨ ਆਗੂ ਨੇ ਕਿਹਾ ਕਿ ਜਿੱਥੇ ਸਰਕਾਰ ਹਰ ਸਾਲ ਗਣਤੰਤਰ ਦਿਵਸ ਆਪਣੇ ਹਥਿਆਰਾਂ ਦੀਆਂ ਝਾਕੀਆਂ ਨਾਲ ਜਸ਼ਨ ਦੇ ਤੌਰ ਤੇ ਮਨਾਉਂਦੀ ਹੈ ਉਥੇ ਕਿਸਾਨਾਂ ਨੂੰ ਵੀ ਆਪਣੇ ਰਵਾਇਤੀ ਖੇਤੀ ਸੰਦ, ਪਰਿਵਾਰਕ ਖੇਤੀ ਦੁੱਖਾਂ ਤਕਲੀਫਾਂ ਦੀਆਂ ਝਾਕੀਆਂ ਨਾਲ ਰੋਸ ਪ੍ਰਗਟ ਕਰਨ ਲਈ ਅਮਨਪੂਰਵਕ ਪਰੇਡ ਕਰਨ ਦਾ ਅਧਿਕਾਰ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਟਰੈਕਟਰ ਪਰੇਡ ਨੂੰ ਪੂਰੇ ਅਮਨ ਅਤੇ ਜਾਬਤੇ ਵਿਚ ਰੱਖਣ ਲਈ ਕਿਸਾਨਾਂ ਮਜਦੂਰਾਂ ਨੂੰ ਸਿਖਿਅਤ ਕੀਤਾ ਜਾ ਰਿਹਾ ਹੈ ਅਤੇ ਟਰੈਕਟਰ ਮਾਰਚਾਂ ਦੀ ਰਿਹਰਸਲ ਕਰਵਾਈ ਜਾ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕਾਲੇ ਕਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਸਾਰੀਆਂ ਫਸਲਾਂ ਦੇ ਸਰਕਾਰੀ ਭਾਅ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਮਿਥ ਕੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਕੇ ਇਸ ਰਾਹੀਂ ਮਿਲਦਾ ਰਾਸ਼ਨ ਸਾਰੇ ਲੋੜਵੰਦ ਪੇਂਡੂ ਅਤੇ ਸਹਿਰੀ ਗਰੀਬਾਂ ਨੂੰ ਵੰਡਣ ਦੀ ਗਰੰਟੀ ਕੀਤੀ ਜਾਵੇ। ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਰਬਾਰਾ ਸਿੰਘ, ਔਰਤ ਆਗੂ ਪਰਮਜੀਤ ਕੌਰ ਕੋਟੜਾ, ਕੁਲਦੀਪ ਕੌਰ ਕੋਠਾ ਗੁਰੂ, ਕੁਲਵੰਤ ਕੌਰ ਭੁੱਲਰ ਹੇੜੀ ,ਬ੍ਰਗੇਡੀਅਰ ਗੁਰਿੰਦਰ ਸਿੰਘ, ਦਰਬਾਰਾ ਸਿੰਘ ਬਾਜਵਾ, ਬਸੰਤ ਸਿੰਘ ਕੋਠਾ ਗੁਰੂ, ਰਾਜਵਿੰਦਰ ਸਿੰਘ ਰਾਜੂ, ਹਰਬੰਸ ਸਿੰਘ ਕੋਟਲੀ, ਨੇ ਸੰਬੋਧਨ ਕੀਤਾ। ਇਸ ਮੌਕੇ ਹਰਮੇਲ ਸਿੰਘ ਘਾਲੀ, ਰਾਮ ਨਿਰਮਾਣ ਸਿੰਘ, ਸੁਭਾਸ਼ ਪਿੰਡੀ , ਦਵਿੰਦਰ ਸਿੰਘ ਧੌਲਾ ਅਤੇ ਬਲਵੀਰ ਸਿੰਘ ਗਹਿਲਾਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।