ਕਾਰਪੋਰੇਟੀ ਗਿਰਝਾਂ ਦੀ ਨਿਗ੍ਹਾ ਕਿਸਾਨਾਂ ਦੀ ਜ਼ਮੀਨ ਉੱਪਰ ਹੈ- ਨਛੱਤਰ ਢਿੱਲੋਂ
ਮਨਿੰਦਰਜੀਤ ਸਿੱਧੂ
ਜੈਤੋ, 22 ਜਨਵਰੀ 2021 - ਨੇੜਲੇ ਪਿੰਡ ਰਾਮੇਆਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜ਼ਿਲ੍ਹਾ ਮੀਤ ਪ੍ਰਧਾਨ ਨਛੱਤਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਦਰਜਨਾਂ ਟਰੈਕਟਰਾਂ ਰਾਹੀਂ ਮਾਰਚ ਕਰਕੇ 26 ਜਨਵਰੀ ਨੂੰ ਦਿੱਲੀ ਦੀ ਰਿੰਗ ਰੋਡ ਉੱਪਰ ਹੋਣ ਵਾਲੀ ਟਰੈਕਟਰ ਪਰੇਡ ਦੀ ਰਿਹਰਸਲ ਕੀਤੀ।
ਇਸ ਮਾਰਚ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਨੇ ਭਾਗ ਲਿਆ।ਨਛੱਤਰ ਢਿੱਲੋਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਨੇ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਹੈ।ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ਉੱਪਰ ਡਟੇ ਕਿਸਾਨ ਹੁਣ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਆਉਣਗੇ।ਉਹਨਾਂ ਕਿਹਾ ਕਿ ਮੋਦੀ ਨੇ ਦੇਸ਼ ਦੇ ਸਾਰੇ ਸਰਕਾਰੀ ਮਹਿਕਮੇ ਚਾਹੇ ਉੱਹ ਰੇਲ ਹੋਵੇ, ਭਾਰਤ ਸੰਚਾਰ ਨਿਗਮ ਲਿਮਟਡ ਹੋਵੇ, ਸਰਕਾਰੀ ਬੈਂਕਾਂ ਹੋਣ ਜਾਂ ਕੋਲੇ ਦੀਆਂ ਖਾਨਾਂ ਹੋਣ, ਨੂੰ ਹੌਲੀ ਹੌਲੀ ਨਿੱਜੀ ਹੱਥਾਂ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਹੈ।ਜੇਕਰ ਇਹ ਕਿਹਾ ਜਾਵੇ ਕਿ ਮੋਦੀ ਨੇ ਦੇਸ਼ ਅੰਬਾਨੀਆਂ ਅਡਾਨੀਆਂ ਕੋਲ ਗਹਿਣੇ ਧਰ ਦਿੱਤਾ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਹੁਣ ਇਹਨਾਂ ਕਾਰਪੋਰੇਟੀ ਗਿਰਝਾਂ ਦੀ ਨਿਗ੍ਹਾ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਹੈ।ਅਸੀਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਗੋਲੀ ਖਾ ਕੇ ਮਰਨਾ ਤਾਂ ਮਨਜੂਰ ਕਰ ਸਕਦੇ ਹਾਂ ਪਰ ਆਪਣੀ ਜਮੀਨ ਦਾ ਇੱਕ ਓਰਾ ਕਾਰਪੋਰੇਟਾਂ ਨੂੰ ਨਹੀਂ ਦੇਵਾਂਗੇ।
ਇਸ ਮੌਕੇ ਬਲਾਕ ਮੀਤ ਪ੍ਰਧਾਨ ਪ੍ਰਦੀਪ ਸਿੰਘ, ਇਕਾਈ ਪ੍ਰਧਾਨ ਰਣਜੀਤ ਸਿੰਘ, ਮੈਂਬਰ ਸੁਖਦੇਵ ਸਿੰਘ, ਮੈਂਬਰ ਜਸਵਿੰਦਰ ਸਿੰਘ, ਇਕਾਈ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਮੈਂਬਰ ਇਕਬਾਲ ਸਿੰਘ, ਪ੍ਰੀਤਮ ਸਿੰਘ ਜੈਤੋ ਅਤੇ ਗੇਲਾ ਸਿੰਘ ਜੈਤੋ ਮੌਜੂਦ ਸਨ।