ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਬਾਰੇ ਸਿੱਧੂ ਦਾ ਵੱਡਾ ਬਿਆਨ,ਨਾਲ ਹੀ ਨਗਰ ਨਿਗਮ ਚੋਣਾਂ ਬਾਰੇ ਕਰ ਦਿੱਤਾ ਇਹ ਦਾਅਵਾ
ਮੋਹਾਲੀ,22 ਜਨਵਰੀ,2021: ਨਗਰ ਨਿਗਮ ਦੀਆਂ ਚੋਣਾਂ ਦੇ ਦਿਨ ਜਿਵੇਂ ਜਿਵੇਂ ਨੇੜੇ ਆ ਰਹੇ ਹਨ, ਉਵੇਂ ਉਵੇਂ ਸਿਆਸੀ ਲੀਡਰ ਪਾਰਟੀਆਂ ਵੀ ਬਦਲ ਰਹੇ ਹਨ। ਪਿਛਲੇ ਦਿਨੀਂ ਅਕਾਲੀ ਦਲ ਨੇ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ, ਜਿਸ ਤੋਂ ਬਾਅਦ ਕੁਲਵੰਤ ਸਿੰਘ ਦੇ ਕਈ ਸਾਥੀਆਂ ਨੇ ਅਸਤੀਫ਼ੇ ਦੇ ਦਿੱਤੇ ਸਨ, ਪਰ ਕੁਲਵੰਤ ਸਿੰਘ ਦਾ ਅਕਾਲੀ ਪਾਰਟੀ ਵਿੱਚੋਂ ਨਿਕਲਣ ਤੋਂ ਮਗਰੋਂ, ਅੱਜ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਖ਼ੁਦਗ਼ਰਜ਼ ਆਦਮੀ ਹਨ ਅਤੇ 2015 ਵਿੱਚ ਆਜ਼ਾਦ ਗਰੁੱਪ ਬਣਾ ਕੇ ਚੋਣ ਲੜੀ। ਸਾਡੇ ਨਾਲ ਹੱਥ ਮਿਲਾਇਆ ਅਤੇ ਅਸੀਂ ਉਸ ਨੂੰ ਮੇਅਰ ਦੀ ਕੁਰਸੀ 'ਤੇ ਬਿਠਾਇਆ।
ਸਿੱਧੂ ਨੇ ਇਹ ਵੀ ਆਖਿਆ ਕਿ, ਕੁਲਵੰਤ ਸਿੰਘ ਨੇ ਕਸਮ ਖਾਧੀ ਕਿ ਉਹ ਆਖ਼ਰ ਤੱਕ ਸਾਥ ਨਿਭਾਵਾਂਗੇ, ਪਰ ਬਾਅਦ ਵਿੱਚ ਵਿਚਾਲੇ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸਿੱਧੂ ਨੇ ਜਿੱਥੇ ਕੁਲਵੰਤ ਸਿੰਘ ਦੀ ਖ਼ੁਦਗ਼ਰਜ਼ 'ਤੇ ਹਮਲਾ ਕੀਤਾ, ਉੱਥੇ ਹੀ ਦਾਅਵਾ ਕੀਤਾ, ਕਿ ਕਾਂਗਰਸ 50 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਜਿੱਤ ਪੱਕੀ ਹੈ। ਸਿਹਤ ਮੰਤਰੀਆਂ ਨੇ ਇਹ ਵੀ ਆਖਿਆ ਕਿ, ਉਨ੍ਹਾਂ ਦਾ ਮੁਕਾਬਲਾ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਬਰਾਬਰ ਕੋਈ ਪਾਰਟੀ ਹੈ ਨਹੀਂ ਅਤੇ ਸਾਰੀਆਂ ਸੀਟਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਹੀ ਚੋਣ ਜਿੱਤਣਗੇ। ਸਿੱਧੂ ਨੇ ਦਾਅਵਾ ਇਹ ਵੀ ਕੀਤਾ, ਕਿ ਹੁਣ ਤੱਕ ਉਨ੍ਹਾਂ ਨੇ ਕਿਸੇ ਵੀ ਉਮੀਦਵਾਰ ਨੂੰ ਮੇਅਰ ਦੇ ਨਾਂਅ ਵਜੋਂ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ, ਚੋਣਾਂ ਜਿੱਤਣ ਤੋਂ ਮਗਰੋਂ ਮੇਅਰ ਦਾ ਨਾਂ ਐਲਾਨਿਆ ਜਾਵੇ।