ਅਮਰੀਕਾ: ਉੱਤਰੀ ਕੈਰੋਲੀਨਾ ਦੀਆਂ ਜੇਲ੍ਹਾਂ ਨੇ ਸ਼ੁਰੂ ਕੀਤਾ ਕੈਦੀਆਂ ਅਤੇ ਸਟਾਫ ਦਾ ਕੋਰੋਨਾ ਟੀਕਾਕਰਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 22 ਜਨਵਰੀ 2021: ਅਮਰੀਕਾ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਜਾਰੀ ਹੈ । ਇਸੇ ਲੜੀ ਤਹਿਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰੀ ਕੈਰੋਲੀਨਾ ਸੂਬੇ ਦੀ ਜੇਲ੍ਹ ਪ੍ਰਣਾਲੀ ਨੇ ਬੁੱਧਵਾਰ ਨੂੰ ਕੋਰੋਨਾਂ ਟੀਕੇ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਰਾਜ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਇਸ ਟੀਕਾਕਰਨ ਮੁਹਿੰਮ ਲਈ ਮੋਡਰਨਾ ਟੀਕੇ ਦੀਆਂ ਲੱਗਭਗ 1000 ਖੁਰਾਕਾਂ ਮਿਲੀਆਂ ਹਨ। ਇਹ ਟੀਕੇ ਜੇਲ੍ਹ ਦੇ ਸਿਹਤ ਦੇਖਭਾਲ ਕਰਮਚਾਰੀਆਂ, ਕੋਰੋਨਾਂ ਸਕਾਰਾਤਮਕ ਰਿਹਾਇਸ਼ੀ ਇਕਾਈਆਂ ਵਿਚ ਕੰਮ ਕਰ ਰਹੇ ਸਟਾਫ, ਸੰਕਰਮਿਤ ਕੈਦੀਆਂ ਨਾਲ ਕੰਮ ਕਰਨ ਵਾਲੇ ਕਾਮਿਆਂ ਅਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੈਦੀਆਂ ਨੂੰ ਦਿੱਤੇ ਜਾਣਗੇ।
ਜਦਕਿ ਇਸਦੀ ਅਗਲੀ ਕਤਾਰ ਵਿੱਚ ਉਪਲੱਬਧਤਾ ਦੇ ਆਧਾਰ ਤੇ 65 ਅਤੇ ਇਸ ਤੋਂ ਵੱਧ ਉਮਰ ਦੇ ਕੈਦੀ ਸ਼ਾਮਿਲ ਹੋਣਗੇ। "ਯੂ.ਸੀ.ਐਲ.ਏ ਕੋਵਿਡ -19 ਬਿਹਾਂਈਡ ਬਾਰ ਡੈਟਾ ਪ੍ਰੋਜੈਕਟ" ਦੇ ਅਨੁਸਾਰ, ਦੇਸ਼ ਭਰ ਦੇ ਕੈਦੀਆਂ ਵਿਚਕਾਰ ਤਕਰੀਬਨ 355,000 ਤੋਂ ਵੱਧ ਵਾਇਰਸ ਦੇ ਪੁਸ਼ਟੀ ਹੋਏ ਕੇਸ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 2,080 ਤੋਂ ਵੱਧ ਮੌਤਾਂ ਵੀ ਹੋਈਆਂ ਹਨ। ਇਸਦੇ ਇਲਾਵਾ 79,000 ਤੋਂ ਵੱਧ ਜੇਲ੍ਹ ਕਰਮਚਾਰੀਆਂ ਦੇ ਵਾਇਰਸ ਨਾਲ ਬਿਮਾਰ ਹੋਣ ਦੇ ਇਲਾਵਾ 126 ਮੌਤਾਂ ਵੀ ਹੋਈਆਂ ਹਨ। ਇਕੱਲੇ ਉੱਤਰੀ ਕੈਰੋਲੀਨਾ ਵਿਚ ਹੀ ਕੈਦੀਆਂ ਦੇ ਲੱਗਭਗ 9,414 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ ਜਦਕਿ ਰਾਜ ਦੀਆਂ ਜੇਲ੍ਹਾਂ ਵਿੱਚ 29,000 ਤੋਂ ਵੱਧ ਕੈਦੀ ਨਜ਼ਰਬੰਦ ਹਨ। ਇਸ ਮੁਹਿੰਮ ਦੌਰਾਨ ਸੂਬੇ ਦੀਆਂ ਚਾਰ ਜੇਲ੍ਹਾਂ ਕੇਂਦਰੀ ਜੇਲ੍ਹ , ਮੌਰੀ, ਅਲੈਗਜ਼ੈਂਡਰ ਅਤੇ ਸਕਾਟਲੈਂਡ ਸੁਧਾਰ ਸੰਸਥਾਵਾਂ ਟੀਕਾਕਰਨ ਕੇਂਦਰਾਂ ਵਜੋਂ ਵਰਤੀਆਂ ਜਾਣਗੀਆ ਅਤੇ ਹਰ ਇੱਕ ਜੇਲ੍ਹ ਵਿੱਚ ਹੈਲਥ ਕੇਅਰ ਸਟਾਫ ਸ਼ੁਰੂਆਤ ਵਿੱਚ ਟੀਕਾ ਲਗਵਾਏਗਾ, ਪਰ ਭਵਿੱਖ ਵਿੱਚ ਨਰਸਾਂ ਅਤੇ ਸਟਾਫ ਦੁਆਰਾ ਬਣੀ "ਵੈਕਸੀਨ ਸਟਰਾਈਕ ਟੀਮ" ਦੁਆਰਾ ਟੀਕਾ ਲਗਾਇਆ ਜਾਵੇਗਾ।