ਅਸ਼ੋਕ ਵਰਮਾ
ਮਾਨਸਾ, 23 ਜਨਵਰੀ 2021 - ਭਾਰਤ ਸਰਕਾਰ ਵੱਲੋਂ ਨੈਸ਼ਨਲ ਕੁਆਲਿਟੀ ਅਸ਼ਿਓਰੈਂਸ ਸਟੈਂਡਰਡ ਅਤੇ ਮਿਸ਼ਨ ਕਾਇਆਕਲਪ ਤਹਿਤ ਕੀਤੇ ਗਏ ਸਰਵੇਖਣ ਦੌਰਾਨ ਮਾਨਸਾ ਜ਼ਿਲੇ ’ਚ ਸਿਵਲ ਹਸਪਤਾਲ ਮਾਨਸਾ ਅਤੇ ਮੁਢਲਾ ਸਿਹਤ ਕੇਂਦਰ ਉੱਭਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਇਹਨਾਂ ਸਿਹਤ ਸੰਸਥਾਵਾਂ ਨੂੰ ਮਨਿਸਟਰੀ ਆਫ ਹੈਲਥ ਐਂਡ ਵੈਲਫੇਅਰ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਮਾਣ ਪੱਤਰ ਪ੍ਰਦਾਨ ਕੀਤੇ। ਸਿਵਲ ਸਰਜਨ ਨੇ ਦੱਸਿਆ ਕਿ ਨੈਸ਼ਨਲ ਕੁਆਲਿਟੀ ਅਸਿਓਰੈਂਸ ਸਟੈਂਡਰਡ ਦਾ ਸਰਟੀਫਿਕੇਟ ਹਾਸਲ ਕਰਨ ਸਬੰਧੀ ਸਿਹਤ ਸੰਸਥਾ ਨੂੰ ਬੇਹੱਦ ਉੱਚ ਪੱਧਰ ਦੇ ਕੁਆਲਿਟੀ ਮਾਪਦੰਡਾਂ ’ਤੇ ਖਰਾ ਉਤਰਨਾ ਪੈਂਦਾ ਹੈ। ਇਸ ਵਿੱਚ ਬਿਲਡਿੰਗ ਦੀ ਦੇਖ-ਰੇਖ ਦੇ ਨਾਲ-ਨਾਲ ਪੂਰੇ ਸਟਾਫ ਦੀ ਇੰਟਰਵਿਊ ਵੀ ਸ਼ਾਮਲ ਹੁੰਦੀ ਹੈ।
ਉਹਨਾਂ ਕਿਹਾ ਕਿ ਸਿਵਲ ਹਸਪਤਾਲ ਮਾਨਸਾ ਨੂੰ ਇਸ ਤਰਾਂ ਦਾ ਰਾਸ਼ਟਰੀ ਪੱਧਰ ਦਾ ਪ੍ਰਮਾਣ ਪੱਤਰ ਮਿਲਣਾ ਪੂਰੇ ਜ਼ਿਲ੍ਹੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ।ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਖ਼ਿਆਲਾ ਕਲਾਂ ਡਾ. ਹਰਦੀਪ ਸ਼ਰਮਾ ਨੇ ਕਿਹਾ ਕਿ ਮਿਸ਼ਨ ਕਾਇਆਕਲਪ ਤਹਿਤ ਪਿਛਲੇ 4 ਸਾਲਾਂ ਤੋਂ ਲਗਾਤਾਰ ਚੌਥੀ ਵਾਰ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਮੱੁਢਲਾ ਸਿਹਤ ਕੇਂਦਰ ਉੱਭਾ ਮਾਨਸਾ ਜ਼ਿਲ੍ਹੇ ਦਾ ਪਹਿਲਾ ਸਿਹਤ ਕੇਂਦਰ ਬਣ ਗਿਆ ਹੈ ਜੋ ਕਿ ਬੀਤੇ ਲੰਬੇ ਸਮੇਂ ਤੋਂ ਸਿਹਤ ਸਬੰਧੀ ਆਪਣੀਆਂ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਸ ਤਹਿਤ ਜਨਰਲ ਓ.ਪੀ.ਡੀ. ਤੋਂ ਇਲਾਵਾ 24 ਘੰਟੇ ਜਣੇਪਾ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਨੋਡਲ ਅਫਸਰ ਕੁਆਲਿਟੀ ਅਸਿਓਰੈਂਸ ਅਤੇ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਉੱਭਾ ਨੇ ਕਿਹਾ ਕਿ ਇਹ ਸਭ ਸਿਵਲ ਸਰਜਨ ਦੀ ਅਗਵਾਈ ਅਤੇ ਸਮੂਹ ਸਿਹਤ ਕੇਂਦਰ ਦੇ ਸਟਾਫ ਦੀ ਦਿਨ ਰਾਤ ਕੀਤੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ।ਇਸ ਮੌਕੇ ਡਾ. ਵਿਜੇ ਕੁਮਾਰ, ਡਾ. ਸੰਜੀਵ ਓਬਰਾਏ ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਬਲਜੀਤ ਕੌਰ ਜ਼ਿਲ੍ਹਾ ਸਕੂਲ ਹੈਲਥ ਪ੍ਰੋਗਰਾਮ ਅਫਸਰ, ਡਾ.ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ, ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨ ਹਸਪਤਾਲ ਬੁਢਲਾਡਾ, ਡਾ. ਸੁਖਵਿੰਦਰ ਸਿੰਘ ਦਿਓਲ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨ ਹਸਪਤਾਲ ਸਰਦੂਲਗੜ੍ਹ, ਮਾਸ ਮੀਡੀਆ ਅਫਸਰ ਸੁਖਮਿੰਦਰ ਸਿੰਘ, ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਅਤੇ ਐਪੀਡਿਮਾਲੋਜਿਸਟ ਸੰਤੋਸ਼ ਭਾਰਤੀ ਮੌਜੂਦ ਸਨ।