ਅਸ਼ੋਕ ਵਰਮਾ
ਬਠਿੰਡਾ, 23 ਜਨਵਰੀ 2021 - ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਵੱਲੋਂ ਜ਼ਿਲਾ ਪੱਧਰ ’ਤੇ ਕਰਵਾਈ ਗਈ ਚਿਲਡਰਨ ਸਾਇੰਸ ਕਾਂਗਰਸ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹਪੂਰਵਕ ਹਿੱਸਾ ਲਿਆ ਗਿਆ। ਜ਼ਿਲ੍ਹਾ ਪੱਧਰ ’ਤੇ ਹੋਈ ਇਸ ਸਾਇੰਸ ਕਾਂਗਰਸ ਦਾ ਮੁੱਖ ਥੀਮ ‘ਸਥਾਈ ਰਹਿਣ ਲਈ ਵਿਗਿਆਨ’ ਸੀ ਜਦੋਂ ਕਿ ਸਬ ਥੀਮ ‘ਸਥਾਈ ਰਹਿਣ ਲਈ ਵਾਤਾਵਰਨ ਪ੍ਰਣਾਲੀ’ ਸੀ।
ਇਸ ਸਮਾਗਮ ਦੌਰਾਨ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੀਆਂ 10+1 (ਮੈਡੀਕਲ) ਦੀਆਂ ਵਿਦਿਆਰਥਣਾਂ ਸ਼ਈਨਾ ਅਤੇ ਹਰਸ਼ਦੀਪ ਕੌਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਹ ਹੁਣ ਅੱਗੇ ਰਾਜ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਵਿੱਚ ਭਾਗ ਲੈਣਗੀਆਂ। ਸਕੂਲ ਦੇ ਪਿ੍ਰੰਸੀਪਲ ਸ. ਬਲਜਿੰਦਰ ਸਿੰਘ ਨੇ ਇਸ ਪ੍ਰਾਪਤੀ ’ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਣਹਾਰ ਵਿਦਿਆਰਥਣਾਂ ਸ਼ਈਨਾ ਤੇ ਹਰਸ਼ਦੀਪ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸੰਸਥਾ ਦਾ ਮਾਣ ਵਧਾਉਣ ਲਈ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਦੀ ਪ੍ਰਸੰਸਾ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਪ੍ਰਾਪਤੀਆਂ ਕਰਨ ਦੀ ਆਸ ਪ੍ਰਗਟਾਈ।