ਲੁਧਿਆਣਾ : 23 ਜਨਵਰੀ 2021 - ਅਣੂ ਪਤ੍ਰਿਕਾ ਨੇ 49 ਸਾਲਾਂ ਦਾ ਸਫ਼ਰ ਤਹਿ ਕਰਨ ਤੋਂ ਬਾਅਦ 50ਵੇਂ ਵਰ੍ਹੇ ਵਿਚ ਕਦਮ ਰੱਖ ਲਿਆ ਹੈ, ਗੋਲਡਨ ਜੁਬਲੀ ਵਰ੍ਹੇ ਦਾ ਪਹਿਲਾ ਵਿਸ਼ੇਸ਼ ਅੰਕ ‘ਮੁੱਢਲਾ ਕਾਵਿ’ (1972) ਸਾਦੇ ਪਰ ਭਾਵਪੂਰਤ ਸਮਾਰੋਹ ਰਾਹੀਂ, ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਵਿਖੇ ਰੀਲੀਜ਼ ਕੀਤਾ ਗਿਆ। ਅਣੂ ਮਾਰਚ 2021 ਵਿਸ਼ੇਸ਼ ਅੰਕ ਨੂੰ ਰੀਲੀਜ਼ ਕਰਨ ਦੀ ਰਸਮ ਡਾ. ਗੁਰਪ੍ਰੀਤ ਕੌਰ, ਕਾਰਜਕਾਰੀ ਪ੍ਰਿੰਸੀਪਲ ਸਾਹਿਬਾ ਨੇ ਨਿਭਾਈ। ਉਨ੍ਹਾਂ ਦੇ ਨਾਲ ਅਣੂ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ, ਡਾ. ਸੁਖਵਿੰਦਰ ਕੌਰ, ਸ੍ਰੀਮਤੀ ਕਿਰਪਾਲ ਕੌਰ, ਸ੍ਰੀਮਤੀ ਸਰਿਤਾ ਖੁਰਾਣਾ, ਸ੍ਰੀਮਤੀ ਗੁਰਵਿੰਦਰ ਕੌਰ ਅਤੇ ਡਾ. ਜਸਲੀਨ ਕੌਰ ਨੇ ਸ਼ਿਰਕਤ ਕੀਤੀ।
ਡਾ. ਗੁਰਪ੍ਰੀਤ ਕੌਰ ਹੋਰਾਂ ਨੇ ਕਿਹਾ ਕਿ ਅਣੂ ਦੇ ਪੰਜਾਹਵੇਂ ਸਾਲ ਦਾ ਪਹਿਲਾ ਵਿਸ਼ੇਸ਼ ਅੰਕ ਰੀਲੀਜ਼ ਕਰਨਾ ਮੇਰੇ ਲਈ ਭਾਵਪੂਰਤ ਪਲ ਹਨ। ਇਸ ਅੰਕ ਨੂੰ ਲੋਕ ਅਰਪਣ ਕਰਨਾ ਮੇਰੇ ਲਈ ਹੀ ਨਹੀਂ, ਪੰਜਾਬੀ ਵਿਭਾਗ ਅਤੇ ਸਮੁੱਚੇ ਕਾਲਜ ਲਈ ਮਾਣ ਵਾਲੀ ਗੱਲ ਹੈ।
ਡਾ. ਸੁਖਵਿੰਦਰ ਕੌਰ ਨੇ ਅਣੂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਪੰਜਾਬੀ ਸਾਹਿਤਕ ਪੱਤਰਕਾਰੀ ਵਿਚ ਅਣੂ ਦੀ ਅਹਿਮ ਭੂਮਿਕਾ ਹੈ। ਇਸ ਪੱਤਿ੍ਰਕਾ ਨੇ ਸਥਾਪਤ ਲੇਖਕਾਂ ਦਾ ਸਹਿਯੋਗ ਹੀ ਨਹੀਂ ਲਿਆ, ਇਸ ਨੇ ਨਵ ਲੇਖਕਾਂ ਨੂੰ ਸਾਹਿਤ ਵੱਲ ਪ੍ਰੇਰਿਤ ਕੀਤਾ ਅਤੇ ਸਾਹਿਤਕ ਸੂਝ ਤੇ ਉਤਸ਼ਾਹ ਦੇ ਕੇ ਵਧੀਆ ਰਚਨਾਕਾਰ ਬਨਣ ਵਿਚ ਅਹਿਮ ਯੋਗਦਾਨ ਪਾਇਆ ਹੈ।
ਮੈਂ ‘ਅਣੂ’ ਦੀ ਬਹੁਤ ਦੇਰ ਤੋਂ ਪਾਠਕ ਹਾਂ। ਇਸ ਵਿਚ ਛਪੀਆਂ ਰਚਨਾਵਾਂ ਉਸਾਰੂ, ਲੋਕਪੱਖੀ ਅਤੇ ਉੱਚਪਾਏ ਸਾਹਿਤ ਦੀ ਵੰਨਗੀ ਹੁੰਦੀਆਂ ਹਨ। ਗੋਲਡਨ ਜੁਬਲੀ ਵਰ੍ਹੇ ਅੰਕ ਨੂੰ ਰੀਲੀਜ਼ ਕਰਨ ਵਿਚ ਸ਼ਾਮਲ ਹੋ ਕੇ ਮੈਨੂੰ ਪ੍ਰਸੰਨਤਾ ਹੋਈ ਹੈ। ਇਹ ਸ਼ਬਦ ਡਾ. ਜਸਲੀਨ ਕੌਰ ਨੇ ਪੱਤਿ੍ਰਕਾ ਪ੍ਰਤੀ ਆਪਣੇ ਮੋਹ ਦਾ ਇਜ਼ਹਾਰ ਕਰਦਿਆਂ ਕਹੇ।
ਉਪਰੋਕਤ ਵਿਸ਼ੇਸ਼ ਅੰਕ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੇ ਦਸਿਆ ਕਿ ਇਸ ਦਾ ਪਹਿਲਾ ਨਾਂ ‘ਅਣੂਰੂਪ’ ਸੀ ਪਰ ਭਾਰਤ ਸਰਕਾਰ ਵੱਲੋਂ ‘ਅਣੂ’ ਨਾਂ ਦੀ ਪ੍ਰਵਾਨਗੀ ਦੇਣ ’ਤੇ ਇਸੇ ਨਾਂ ਥੱਲੇ ਛਪਣਾ ਸ਼ੁਰੂ ਹੋਇਆ। ਮਹਾਂਨਗਰ ਕੱਲਕੱਤੇ ਤੋਂ ਸ਼ੁਰੂ ਹੋਈ ਇਸ ਪੱਤਿ੍ਰਕਾ ਦੇ ਪਹਿਲੇ ਸਾਲ (1972) ਦੇ ਅੰਕਾਂ ਵਿਚੋਂ ਛਪੀ ਕਵਿਤਾ ਨੂੰ ਇਸ ਅੰਕ ਰਾਹੀਂ ਅਜੋਕੇ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਪਾਠਕ ਤਤਕਾਲੀ ਕਵਿਤਾ ਦੀ ਅਜੋਕੇ ਸੰਦਰਭ ਵਿਚ ਪੁਣ-ਛਾਣ ਕਰ ਸਕਣ।
ਹਾਜ਼ਰ ਮਹਿਮਾਨਾਂ ਨੇ ਸਮੁੱਚੇ ਅਣੂ ਖਾਸ ਕਰ ਰੀਲੀਜ਼ ਕੀਤੇ ਗਏ ਵਿਸ਼ੇਸ਼ ਅੰਕ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੰਪਾਦਕ/ਪ੍ਰਕਾਸ਼ਕ ਨੂੰ ਵਧਾਈਆਂ ਦਿੱਤੀਆਂ ਅਤੇ ਆਸ ਪ੍ਰਗਟ ਕੀਤੀ ਕਿ ਇਸ ਦਾ ਸਫ਼ਰ ਇੰਝ ਹੀ ਜਾਰੀ ਰਹੇਗਾ।