ਚੰਡੀਗੜ੍ਹ, 23 ਜਨਵਰੀ 2021 - ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤੀ ਚੋਣਾਂ ਨੂੰ ਲੈ ਕੇ ਸਮੂਹ ਸਿਆਸੀ ਪਾਰਟੀਆਂ ਨੇ ਜਿੱਥੇ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਆਪਣੀਆਂ ਸਰਗਰਮੀਆਂ ਨੂੰ ਸੁੱਕਣੇ ਪਾਈ ਬੈਠੀ ਹੈ, ਕਿਉਂਕਿ ਪੰਜਾਬ ਦੇ ਅੰਦਰ ਭਾਜਪਾ ਨੂੰ ਲੋਕ ਪਿੰਡਾਂ, ਸ਼ਹਿਰਾਂ ਵਿੱਚ ਵੜਨ ਹੀ ਨਹੀਂ ਦੇ ਰਹੇ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਸਬੰਧੀ ਕਾਲੇ ਕਾਨੂੰਨ। ਜਿਸ ਦੇ ਕਾਰਨ ਲੋਕਾਂ ਦੇ ਦੇ ਵਿੱਚ ਭਾਜਪਾ ਪ੍ਰਤੀ ਭਾਰੀ ਰੋਹ ਹੈ ਅਤੇ ਉਹ ਭਾਜਪਾਈਆਂ ਨੂੰ ਟੀਵੀ ਚੈਨਲਾਂ ਅਤੇ ਲਾਊਡ ਸਪੀਕਰਾਂ ਰਾਹੀਂ ਅਪੀਲਾਂ ਕਰ ਰਹੇ ਹਨ, ਕਿ ਸਾਡੇ ਪਿੰਡਾਂ ਵਿੱਚ ਵੜਨਾ ਸਖ਼ਤ ਮਨਾ ਹੈ।
ਦੱਸਣਾ ਬਣਦਾ ਹੈ, ਕਿ ਦਿੱਲੀ ਦੀਆਂ ਸਰਹੱਦਾਂ 'ਤੇ ਜਿੱਥੇ ਕਿਸਾਨਾਂ ਦਾ ਰੋਹ ਧਰਨਾ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਈ ਖੇਤਰਾਂ ਵਿੱਚ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਰਿਲਾਇੰਸ ਪੈਟਰੋਲ ਪੰਪਾਂ ਤੋਂ ਇਲਾਵਾ ਅੰਬਾਨੀ ਅੰਡਾਨੀ ਦੇ ਕਾਰੋਬਾਰਾਂ ਨੂੰ ਬੰਦ ਕਿਸਾਨਾਂ ਨੇ ਕਰਵਾਇਆ ਹੋਇਆ ਹੈ। ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਕਿਸਾਨ ਅੰਬਾਨੀ ਅਤੇ ਅੰਡਾਨੀ ਦਾ ਤਾਂ ਵਿਰੋਧ ਕਰ ਹੀ ਰਹੇ ਹਨ, ਨਾਲ ਹੀ ਭਾਰਤੀ ਜਨਤਾ ਪਾਰਟੀ ਨੂੰ ਵੀ ਪੰਜਾਬ ਦੇ ਅੰਦਰ ਖੰਗਣ ਨਹੀਂ ਦੇ ਰਹੇ। ਭਾਜਪਾਈ ਜਿੱਥੇ ਕਿਤੇ ਵੀ ਮੀਟਿੰਗ ਕਰਨ ਲਈ ਨਿਕਲਦੇ ਹਨ ਤਾਂ, ਉਨ੍ਹਾਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਭਾਜਪਾ ਆਗੂ ਹਰਜੀਤ ਗਰੇਵਾਲ, ਭਾਜਪਾ ਆਗੂ ਤ੍ਰਿਸ਼ਨ ਸੂਦ ਤੋਂ ਇਲਾਵਾ ਹੋਰਨਾਂ ਭਾਜਪਾ ਆਗੂਆਂ ਦਾ ਦੱਬ ਕੇ ਪੰਜਾਬ ਦੇ ਅੰਦਰ ਵਿਰੋਧ ਕਰ ਰਹੇ ਹਨ ਅਤੇ ਇਨ੍ਹਾਂ ਦੀਆਂ ਕੋਠੀਆਂ ਮੂਹਰੇ ਧਰਨੇ ਠੋਕ ਕੇ ਕਿਸਾਨਾਂ, ਏਨਾ ਭਾਜਪਾਈਆਂ ਨੂੰ ਘਰੋਂ ਬਾਹਰ ਹੀ ਨਹੀਂ ਨਿਕਲਣ ਦੇ ਰਹੇ। ਵੈਸੇ ਤਾਂ, ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਪਰ ਇਸ ਕਿਸਾਨ ਮੋਰਚੇ ਦਾ ਆਗਾਮੀ ਹੋਣ ਵਾਲੀਆਂ 8 ਨਗਰ ਨਿਗਮਾਂ ਲਈ ਅਤੇ 109 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ 'ਤੇ ਵੀ ਅਸਰ ਪੈ ਰਿਹਾ ਹੈ, ਕਿਉਂਕਿ ਭਾਜਪਾ ਨੇ ਹੁਣ ਉਨ੍ਹਾਂ ਇਲਾਕਿਆਂ ਦੇ ਵਿੱਚ ਚੋਣ ਲੜਨ ਤੋਂ ਤੌਬਾ ਕਰ ਦਿੱਤੀ ਹੈ, ਜਿੱਥੇ ਸਭ ਤੋਂ ਵੱਧ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਕਈ ਸਿਆਸੀ ਮਾਹਿਰ ਕਹਿੰਦੇ ਹਨ, ਕਿ ਭਾਜਪਾ ਦਾ ਵੈਸੇ ਤਾਂ ਪੂਰੇ ਪੰਜਾਬ ਦੇ ਅੰਦਰ ਹੀ ਵਿਰੋਧ ਹੋ ਰਿਹਾ ਹੈ, ਪਰ ਕੁੱਝ ਕੁ ਜਗਾਵਾਂ ਅਜਿਹੀਆਂ ਜ਼ਰੂਰ ਹਨ। ਜਿੱਥੇ ਭਾਜਪਾ ਦਾ ਕਾਫ਼ੀ ਦਬਾਅ ਹੈ। ਕੁੱਲ ਮਿਲਾ ਕੇ ਪੰਜਾਬ ਦੇ ਅੰਦਰ ਭਾਜਪਾ ਦਾ ਮਾੜਾ ਹਾਲ ਹੀ ਹੈ, ਇਸੇ ਲਈ ਹੀ ਭਾਜਪਾ ਪੂਰੇ ਪੰਜਾਬ ਵਿੱਚ 8 ਨਗਰ ਨਿਗਮਾਂ ਲਈ ਤੇ 109 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਵਿੱਚ ਚੋਣ ਲੜਨ ਤੋਂ ਡਰ ਰਹੀ ਹੈ। ਖ਼ੈਰ, ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਪਰ ਜਿਹੜੇ ਚੋਣ ਖੇਤਰਾਂ ਵਿੱਚ ਪੇਂਡੂ ਹਿੱਸਾ ਵੱਧ ਹੈ, ਉੱਥੇ ਭਾਜਪਾ ਦੇ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਕਮਲ 'ਤੇ ਚੋਣ ਲੜਨ ਤੋਂ ਕਤਰਾ ਰਹੇ ਹਨ। ਹਾਲਾਂਕਿ ਪਾਰਟੀ ਇਹ ਹੀ ਦਬਾਅ ਬਣਾ ਰਹੀ ਹੈ ਕਿ ਚੋਣਾਂ ਪਾਰਟੀ ਦੇ ਨਿਸ਼ਾਨ 'ਤੇ ਹੀ ਲੜੀਆਂ ਜਾਣ। ਦੂਜੇ ਪਾਸੇ ਕਿਸਾਨ ਆਗੂਆਂ ਨੇ ਦਾਅਵਾ ਕਰ ਦਿੱਤਾ ਹੈ ਕਿ, ਉਹ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ 'ਕਮਲ' ਖਿੜਨ ਨਹੀਂ ਦੇਣਗੇ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ।