- 27 ਜਨਵਰੀ ਨੂੰ ਹੋਵੇਗੀ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ
ਸੰਗਰੂਰ, 23 ਜਨਵਰੀ, 2021- ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ 4 ਜਨਵਰੀ ਤੋਂ ਪੱਕੇ ਧਰਨੇ ਤੇ ਬੈਠੇ ਡੀ.ਸੀ. ਦਫਤਰ ਅੱਗੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਦਾ ਪੱਕਾ ਧਰਨਾ ਲਗਾਤਾਰ ਚੱਲ ਰਿਹਾ ਹੈ । ਅੱਜ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਮੀਟਿੰਗ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਨਾਲ ਮੁੱਲਾਂਪੁਰ ਦਾਖਾ ਵਿਖੇ ਹੋਈ। ਜਿਸ ਦੌਰਾਨ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਆਪਣੀਆਂ ਸਾਰੀਆਂ ਮੰਗਾਂ ਓ.ਐੱਸ.ਡੀ. ਕੈਂਪਟਨ ਸੰਦੀਪ ਸੰਧੂ ਦੇ ਸਾਹਮਣੇ ਰੱਖੀਆਂ।
ਜਿਸ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਨਾਲ ਮੰਗਾਂ ਉੱਪਰ ਵਿਚਾਰ ਚਰਚਾ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਸਾਰੀਆਂ ਮੰਗਾਂ ਸੁਣਨ ਤੋਂ ਬਾਅਦ ਕਿਹਾ ਕਿ ਤੁਹਾਡੀ 27 ਜਨਵਰੀ ਨੂੰ ਕਾਂਗਰਸ ਭਵਨ ਵਿਖੇ ਤੁਹਾਡੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਕਰਵਾਈ ਜਾਵੇਗੀ । ਜਿਸ ਦੌਰਾਨ ਤੁਹਾਡਾ ਕੋਈ ਪੁਖਤਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਮੌਜੂਦ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਤੇ ਨਿਰਮਲ ਜ਼ੀਰਾ ਨੇ ਕਿਹਾ ਕਿ ਬੇਰੁਜ਼ਗਾਰ ਈ.ਟੀ.ਟੀ.ਟੈੱਟ ਪਾਸ ਅਧਿਆਪਕਾਂ ਦੀ ਇਹ ਮੀਟਿੰਗ ਕੈਪਟਨ ਸੰਦੀਪ ਸੰਧੂ ਨਾਲ ਹੋਈ ਜਿਸ ਵਿਚ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਤੁਹਾਡੀਆਂ ਸੰਬੰਧੀ ਤੁਹਾਡੀ ਅਗਲੀ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ 27 ਜਨਵਰੀ ਨੂੰ ਕਰਵਾਈ ਜਾਵੇਗੀ । ਇਸ ਮੌਕੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 27 ਜਨਵਰੀ ਨੂੰ ਮੀਟਿੰਗ ਵਿੱਚ ਬੇਰੁਜ਼ਗਾਰ ਅਧਿਆਪਕਾਂ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ । ਇਸ ਸਮੇਂ ਗੁਲਸ਼ਨ ਰਕਬਾ ਅਤੇ ਇੰਦਰਪਾਲ ਮੋਹੀ ਵੀ ਮੌਜੂਦ ਸਨ।