ਹਰਜਿੰਦਰ ਸਿੰਘ ਬਸਿਆਲਾ
- ਹਮਾਇਤ ਕਿਸਾਨਾਂ ਦੀ...ਮੇਲਾ ਮਹਿਲਾਵਾਂ ਦਾ
- ਗੀਤ-ਸੰਗੀਤ ਦੇ ਨਾਲ-ਨਾਲ ਕਿਸਾਨ ਅੰਦੋਲਨ ਲਈ ਸਹਾਇਤਾ ਰਾਸ਼ੀ ਇਕੱਤਰ
- ਕਿਸਾਨਾਂ ਦੇ ਲਈ ਫੋਨ ਦੀਆਂ ਲਾਈਟਾਂ ਜਗਾ ਕੇ ਭੇਜਿਆ ਸੁਨੇਹਾ
ਆਕਲੈਂਡ, 23 ਜਨਵਰੀ, 2020:-ਵਿਦੇਸ਼ੀ ਵਸਦੇ ਪੰਜਾਬੀਆਂ ਦੀਆਂ ਨਜ਼ਰਾਂ ਅਤੇ ਫਿਕਰਾਂ ਭਾਰਤੀ ਕਿਸਾਨੀ ਸੰਘਰਸ਼ ਵੱਲ ਲੱਗੀਆਂ ਹੋਈਆਂ ਹਨ। ਵਿਦੇਸ਼ਾਂ ਦੇ ਵਿਚ ਹੁੰਦੇ ਸਭਿਆਚਾਰਕ ਸਮਾਗਮ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋ ਰਹੇ ਹਨ। ਅੱਜ ਨਿਊਜ਼ੀਲੈਂਡ ਦੇ ਵਿਚ ‘ਵੋਮੈਨ ਕੇਅਰ ਟ੍ਰਸਟ’ ਵੱਲੋਂ ਪੰਜਵੀਂ ‘ਲੇਡੀਜ਼ ਕਲਚਰਲ ਨਾਈਟ’ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਈ ਗਈ। ਟ੍ਰਸਟੀ ਅਤੇ ਕਮਿਊਨਿਟੀ ਡਿਵੈਲਪਮੈਂਟ ਮੈਨੇਜਰ ਪਰਮਜੀਤ ਕੌਰ (ਸੋਨੀ ਢੇਲ) ਅਤੇ ਮੈਡਮ ਆਭਾ ਖੰਨਾ ਨੇ ਇਸ ਸਭਿਆਚਾਰਕ ਨਾਈਟ ਨੂੰ ਕਿਸਾਨੀ ਸੰਘਰਸ਼ ਦੇ ਨਾਲ ਜੋੜ ਕੇ ਇਕ ਪੰਜਾਬੀ ਕਿਸਾਨਾਂ ਦੀ ਸਹਾਇਤਾ ਲਈ ਵੀ ਇਕੱਤਰ ਕੀਤੀ।
ਸਲਾਨਾ ਹੋਣ ਵਾਲੀ ਇਹ ਲੇਡੀਜ਼ ਕਲਚਰਲ ਨਾਈਟ ਨਿਊਜ਼ੀਲੈਂਡ ਵਸਦੀਆਂ ਭਾਰਤੀ ਮਹਿਲਾਵਾਂ ਦੇ ਲਈ ‘ਮਹਿਲਾ ਮੇਲਾ’ ਦੇ ਬਰਾਬਰ ਹੁੰਦੀ ਹੈ। ਇਸ ਵਾਰ ਇਸ ਮਹਿਲਾ ਮੇਲੇ ਦੇ ਵਿਚ ਭਾਰਤੀ ਕਿਸਾਨੀ ਸੰਘਰਸ਼ ਦੇ ਲਈ ਵੀ ਮੋਬਾਇਲਾਂ ਦੀਆਂ ਲਾਈਟਾਂ ਜਗਾ ਕੇ ਕਿਸਾਨੀ ਸ਼ੰਘਰਸ਼ ਦੇ ਵਿਚ ਜੋਸ਼ ਦੀਆਂ ਕਿਰਨਾਂ ਭਰੀਆਂ ਗਈਆਂ। ਸੱਤਾ ਵੈਰੋਵਾਲੀਆ ਦਾ ਗੀਤ ਇਸ ਮੌਕੇ ਵਜਾਇਆ ਗਿਆ।
ਇਸ ਮਹਿਲਾ ਮੇਲੇ ਦੀ ਸ਼ੁਰੂਆਤ ਵੋਮੇਨ ਕੇਅਰ ਦੀਆਂ ਮੈਂਬਰ ਬੀਬੀਆਂ ਨੇ ਸ਼ਬਦ ਗੁਰਬਾਣੀ ਨਾਲ ਕੀਤੀ। ਵੋਮੈਨ ਕੇਅਰ ਦੇ ਇਤਿਹਾਸ ਉਤੇ ਸੰਖੇਪ ਝਾਤ ਪਾਈ ਗਈ। ਪੰਜਾਬੀ ਹੈਰੀਟੇਜ ਕਲੱਬ ਦੇ ਬੱਚਿਆਂ ਨੇ ਭੰਗੜੇ ਨਾਲ ਸ਼ੁਰੂਆਤ ਕੀਤੀ। ਕਿਡਜ਼ ਰਾਈਜਿੰਗ ਸਟਾਰ ਦੇ ਬੱਚਿਆਂ ਨੇ ਵੀ ਖੂਬ ਰੰਗ ਬੰਨਿ੍ਹਆ। ਔਕਲੈਂਡ ਦੀਆਂ ਮਲਵਈਆਂ ਨੇ ਭੰਗੜਾ ਪਾਇਆ। ਇਸ ਤੋਂ ਬਾਅਦ ਸ੍ਰੀ ਲੰਕਨ ਡਾਂਸ ਵੀ ਵੱਖਰੀ ਪਹਿਚਾਣ ਛੱਡ ਗਿਆ। ਵਿਰਸਾ ਦੀਆਂ ਸ਼ੌਕੀਨ ਮੁਟਿਆਰਾਂ ਗਰੁੱਪ ਨੇ ਖੂਬ ਤਰਥੱਲੀ ਮਚਾਈ। ਪੁੱਕੀਕੋਹੀ ਦੀਆਂ ਪੰਜਾਬਣਾ ਨੇ ਪਹਿਲੀ ਵਾਰ ਵੱਡੀ ਸਟੇਜ ਉਤੇ ਪਰਫਾਰਮ ਕਰਕੇ ਭਵਿੱਖ ਦੇ ਹਰ ਮੇਲੇ ਵਿਚ ਪੁੱਜਣ ਦੀ ਟਿਕਟ ਕਟਵਾਈ।
ਤ੍ਰਿਝੰਣਾ ਗਰੁੱਪ ਦੀ ਵੀ ਵਧੀਆ ਪੇਸ਼ਕਾਰੀ ਰਹੀ। ਬਾਲੀਵੁੱਡ ਡਾਂਸ ਹੋਇਆ। ਗੋਲਡਨ ਗਰਲਜ਼ ਵਾਲੀਆਂ ਬੀਬੀਆਂ ਨੇ ਜਮਾ ਹੀ ਅਤਿ ਕਰਵਾਈ ਉਹ ਪੱਖੇ, ਬਾਲਟੀਆਂ ਅਤੇ ਹੋਰ ਕਾਫੀ ਕੁਝ ਲੈ ਕੇ ਸਟੇਜ ਉਤੇ ਛਾਈਆਂ ਰਹੀਆਂ। ਸਾਂਝ ਗਰੁੱਪ ਦੀਆਂ ਬੀਬੀਆਂ ਨੇ ਗਿੱਧੇ ਅਤੇ ਭੰਗੜੇ ਦੇ ਨਾਲ ਖੂਬ ਰੰਗ ਬੰਨਿ੍ਹਆ। ਪੰਜਾਬੀ ਹੈਰੀਟੇਜ ਅਤੇ ਗੁਰਪ੍ਰੀਤ ਸੈਣੀ ਦੀ ਅਕੈਡਮੀ ਦੇ ਬੱਚੇ ਵੀ ਛਾਏ ਰਹੇ। ਸਟੇਜ ਸੰਭਾਲਣ ਦੀ ਸੇਵਾ ਸੈਂਡੀ, ਕਸ਼ਿਕਾ, ਜੱਸੀ ਕੌਰ, ਮੋਨਿਕਾ ਸ਼ਰਮਾ ਅਤੇ ਹੋਰ ਕੁੜੀਆਂ ਵੱਲੋਂ ਸਾਂਝੇ ਰੂਪ ਵਿਚ ਕੀਤੀ ਗਈ। ਖੁੱਲ੍ਹੇ ਵਿਹੜੇ ਦੇ ਵਿਚ ਦਰਸ਼ਕ ਰੂਪ ਵਿਚ ਆਈਆਂ ਬੀਬੀਆਂ ਨੇ ਵੀ ਭੰਗੜਾ ਪਾ ਕੇ ਆਪਣਾ ਮਨ ਪਰਚਾਵਾ ਕੀਤਾ।