ਗੁਰਪ੍ਰੀਤ ਸਿੰਘ ਮੰਡਿਆਣੀ
-ਪੰਜਾਬ ਸਰਕਾਰ ਦਾ ਉਪਰਾਲਾ ਕੁੜੀਆਂ ਦੇ ਡਿਜੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਿਤ ਹੋਵੇਗਾ - ਵਿਧਾੲਿਕ ਡਾਕਟਰ ਹਰਜੋਤ ਕਮਲ
ਮੋਗਾ, 23 ਜਨਵਰੀ 2021 - ਪੂਰੇ ਦੇਸ਼ ਵਿੱਚ 24 ਜਨਵਰੀ ਨੂੰ ਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਵਾਰ ਸੂਬੇ ਦੀਆਂ ਬਾਲੜੀਆਂ ਨੂੰ ਸਮਾਰਟ ਫ਼ੋਨ ਦਾ ਤੋਹਫ਼ਾ ਦਿੱਤਾ ਹੈ। ਇਹ ਵਿਚਾਰ ਵਿਧਾਨ ਸਭਾ ਹਲਕਾ ਮੋਗਾ ਦੇ ਵਿਧਾੲਿਕ ਡਾਕਟਰ ਹਰਜੋਤ ਕਮਲ ਨੇ ਅੱਜ ਰਾਸ਼ਟਰੀ ਬਾਲੜੀ ਦਿਵਸ ਸਬੰਧੀ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬਾਰਵ੍ਹੀ ਜਮਾਤ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡਣ ਸਬੰਧੀ ਯੋਜਨਾ 'ਪੰਜਾਬ ਸਮਾਰਟ ਕੁਨੈਕਟ ਸਕੀਮ' ਸ਼ੁਰੂ ਕੀਤੀ ਹੋਈ ਹੈ। ਇਸ ਯੋਜਨਾ ਤਹਿਤ ਜ਼ਿਲ੍ਹਾ ਮੋਗਾ ਦੇ 6399 ਵਿਦਿਆਰਥੀਆਂ ਨੂੰ ਇਨ੍ਹਾਂ ਸਮਾਰਟ ਫੋਨਾਂ ਦੀ ਵੰਡ ਕੀਤੀ ਗਈ ਹੈ ਜਿਹਨਾਂ ਵਿੱਚ 3231 ਕੁੜੀਆਂ ਸ਼ਾਮਿਲ ਹਨ।
ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ 12ਵੀ ਜਮਾਤ ਦੇ 1 ਲੱਖ 73 ਹਜ਼ਾਰ 823 ਵਿਦਿਆਰਥੀਆਂ (ਲੜਕੇ-ਲੜਕੀਆਂ) ਨੂੰ ਇਹ ਸਮਾਰਟ ਫੋਨ ਦਿੱਤੇ ਜਾਣੇ ਹਨ, ਜਿਹਨਾਂ ਵਿੱਚ 86915 ਕੁੜੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਸਮਾਰਟ ਫੋਨ ਜਰੀਏ ਨੌਜਵਾਨਾਂ ਦਾ ਖਾਸ ਕਰਕੇ ਕੁੜੀਆਂ ਦੇ ਡਿਜ਼ੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਸਮੇ ਦੇ ਹਾਣੀ ਬਣਾਉਣ ਲਈ ਸਮਾਰਟ ਫੋਨ ਦੇਣ ਦਾ ਉਪਰਾਲਾ ਕੀਤਾ ਹੈ, ਜਿਸ ਲਈ ਸਾਲ 2018-19 ਦੇ ਬਜ਼ਟ ਵਿੱਚ ਹੀ 92 ਕਰੋੜ ਰੁਪਏ ਵਿਸੇਸ਼ ਤੌਰ ਤੇ ਰੱਖੇ ਗਏ ਸਨ। ਸਮਾਰਟ ਫੋਨ ਦੇ ਨਾਲ ਬੱਚੇ ਆਧੁਨਿਕ ਸਿੱਖਿਆ, ਕਿੱਤੇ ਦੀ ਚੋਣ, ਕਿੱਤਾਮੁੱਖੀ ਸਿੱਖਿਆ, ਰੋਜ਼ਗਾਰ ਮੌਕਿਆਂ ਅਤੇ ਹੋਰ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣਗੇ। ਇਹ ਸਮਾਰਟ ਫੋਨ ਪ੍ਰਸਿੱਧ ਮੋਬਾਇਲ ਨਿਰਮਾਤਾ ਕੰਪਨੀ ਲਾਵਾ ਵੱਲੋ ਤਿਆਰ ਕੀਤੇ ਗਏ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਇਸ ਮੋਬਾਇਲ ਵਿੱਚ ਸਿੱਖਿਆ ਨਾਲ ਸਬੰਧਤ ਸਾਰੇ ਐਪ, ਐਮ-ਸੇਵਾ, ਕੈਪਟਨ ਕੁਨੈਕਟ ਅਤੇ ਹੋਰ ਫੀਚਰ ਪਹਿਲਾਂ ਹੀ ਇੰਨਸਟਾਲ ਹਨ।
ਇਸ ਮੌਕੇ ਸਮਾਰਟ ਫੋਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਸ ਯੋਜਨਾ ਨਾਲ ਉਨ੍ਹਾਂ ਨੂੰ ਕੋਵਿਡ 19 ਦੌਰਾਨ ਘਰ ਬੈਠ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਵਿੱਚ ਬਹੁਤ ਸਹਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਇਸ ਤਕਨੀਕ ਦੇ ਯੁੱਗ ਵਿੱਚ ਬਿਨ੍ਹਾਂ ਮੋਬਾਇਲ ਫੋਨ ਅਤੇ ਇੰਟਰਨੈਟ ਸੁਵਿਧਾ ਤੋ ਸਮੇ ਦੇ ਹਾਣੀ ਬਣਨ ਵਿੱਚ ਕਾਫੀ ਮੁਸ਼ਕਿਲਾਂ ਪੇਸ਼ ਆਉਦੀਆਂ ਹਨ।