ਸੁਖਜਿੰਦਰ ਸਿੰਘ ਪੰਜਗਰਾਈਂ
- ਦਿੱਲੀ ਦੇ ਬਾਰਡਰਾਂ ਤੇ ਡਟੇ ਕਿਸਾਨਾਂ ਲਈ ਲੱਕੜਾਂ ਦਾ ਟਰਾਲਾ,ਪਾਣੀ ਦੀਆਂ ਬੋਤਲਾਂ ਤੇ ਹੋਰ ਜਰੂਰੀ ਵਸਤੂਆਂ ਵੀ ਲਈਆਂ ਨਾਲ
ਪੰਜਗਰਾਈਂ ਕਲਾਂ, 23 ਜਨਵਰੀ 2021 - 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਟਰੈਕਟਰ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਵਿੱਚ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪੰਜਗਰਾਈਂ ਕਲਾਂ ਦੀ ਮਿਰਜਾ ਪੱਤੀ,ਗਿੱਲ ਪੱਤੀ,ਸਰਾਂ ਪੱਤੀ,ਸੰਧੂ ਪੱਤੀ ਤੇ ਕੇਵਲ ਪੱਤੀ ਦੇ ਸੈਂਕੜੇ ਕਿਸਾਨਾਂ ਦਾ ਕਾਫ਼ਲਾ 10 ਟਰੈਕਟਰ-ਟਰਾਲੀਆਂ ਰਾਹੀਂ ਰਵਾਨਾ ਹੋਇਆ।
ਇਸ ਕਾਫ਼ਲੇ 'ਚ ਸ਼ਾਮਲ ਕਿਸਾਨਾਂ ਦੇ ਕੋਲ ਜਿੱਥੇ ਖਾਣ ਪੀਣ ਵਾਲੀਆਂ ਚੀਜਾਂ ਦਾ ਪੂਰਾ ਪ੍ਰਬੰਧ ਸੀ ਓਥੇ ਪਿੰਡ ਦੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਦਿੱਲੀ ਦੇ ਬਾਰਡਰਾਂ ਤੇ ਪਹਿਲਾਂ ਤੋਂ ਡਟੇ ਬੈਠੇ ਕਿਸਾਨਾਂ ਲਈ ਲੱਕੜਾਂ ਦਾ ਭਰਿਆ ਟਰਾਲਾ,ਸੈਂਕੜੇ ਪਾਣੀ ਦੀਆਂ ਬੋਤਲਾਂ ਦੀਆਂ ਪੇਟੀਆਂ ਭੇਜੀਆਂ ਗਈਆਂ । 15 ਹਜਾਰ ਰੁਪਏ ਦਾ ਡੀਜ਼ਲ ਪ੍ਰਤੀ ਟਰੈਕਟਰ ਮਗਰ ਪਵਾਉਣ ਦੀ ਸੇਵਾ ਵੀ ਪਿੰਡ ਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਕੀਤੀ ਗਈ । ਜਿਕਰਯੋਗ ਹੈ ਕੇ ਵੱਡੀ ਗਿਣਤੀ ਵਿੱਚ ਸਥਾਨਕ ਪਿੰਡ ਦੇ ਕਿਸਾਨ ਜਥਿਆਂ ਦੇ ਰੂਪ ਵਿੱਚ ਪਹਿਲਾਂ ਵੀ ਕਈ ਵਾਰ ਦਿੱਲੀ ਦੇ ਬਾਰਡਰਾਂ ਤੇ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਇਸੇ ਹੀ ਤਰ੍ਹਾਂ ਪੰਜਗਰਾਈਂ ਕਲਾਂ ਇਲਾਕੇ ਦੇ ਹੋਰ ਪਿੰਡਾਂ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਕਾਫ਼ਲਿਆਂ ਦੇ ਰੂਪ ਵਿੱਚ ਦਿੱਲੀ ਵੱਲ ਨੂੰ ਰਵਾਨਾ ਹੋਏ ਦੱਸੇ ਜਾ ਰਹੇ ਹਨ।