- ਬੱਚਿਆਂ ਨੂੰ ਨੇਤਾ ਜੀ ਦੇ ਜੀਵਨ ਬਾਰੇ ਅਧਿਆਪਕਾਂ ਨੇ ਦਿੱਤੀ ਜਾਣਕਾਰੀ
ਐਸ.ਏ.ਐਸ. ਨਗਰ 23 ਜਨਵਰੀ 2021 - ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ ਮਨਾਇਆ ਗਿਆ ਜਿਸ ਮੌਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਉਹਨਾਂ ਦੇ ਜੀਵ ਬਾਰੇ ਚਾਨਣਾ ਪਾਇਆ। ਦੇਸ਼ ਦੀ ਅਜ਼ਾਦੀ ਲਈ ਪਾਏ ਯੋਗਦਾਨ ਅਤੇ ਅਜ਼ਾਦ ਹਿੰਦ ਫੌਜ਼ ਦੀ ਸਥਾਪਨਾ ਬਾਰੇ ਵੀ ਉਚੇਚੇ ਤੌਰ 'ਤੇ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਨੇਤਾ ਜੀ ਦਾ ਜਨਮ 23 ਜਨਵਰੀ 1897 ਈਸਵੀ ਨੂੰ ਕਟਕ ਵਿੱਚ ਹੋਇਆ ਸੀ। ਉਹ ਰਾਸ਼ਟਰਵਾਦੀ ਨੇਤਾ ਸਨ ਤੇ ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਨੇ ਉਹਨਾਂ ਨੂੰ ਭਾਰਤ ਵਿੱਚ ਨਾਇਕ ਬਣਾ ਦਿੱਤਾ। ਉਹਨਾਂ ਜੈ ਹਿੰਦ ਦਾ ਨਾਹਰਾ ਦਿੱਤਾ ਜੋ ਕਿ ਅੱਜ ਰਾਸ਼ਟਰ ਦਾ ਨਾਹਰਾ ਹੈ। ਉਹਨਾਂ ਦੇ ਵੱਲੋਂ ਉਚਰੇ ਸ਼ਬਦ 'ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾਂ' ਅੱਜ ਵੀ ਭਾਰਤਵਾਸ਼ੀਆਂ ਦੇ ਦਿਲਾਂ ਵਿੱਚ ਜੋਸ਼ ਭਰਦੇ ਹਨ ਅਤੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਹਨਾਂ ਨੇ ਦੇਸ਼-ਵਿਦੇਸ਼ ਵਿੱਚ ਪੜ੍ਹਾਈ ਕੀਤੀ।
1919 ਦੇ ਜ਼ਲਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਰਾਸ਼ਟਰੀ ਸੁਤੰਤਰਤਾ ਸੰਗਰਾਮ ਵਿੱਚ ਕੁੱਦੇ। ਉਹ ਰਾਸ਼ਟਰੀ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਵੱਜੋਂ ਵੀ ਵਿਚਰੇ। ਉਹ ਕਈ ਵਾਰ ਸੁਤੰਤਰਤਾ ਸੰਗਰਾਮ ਦੌਰਾਨ ਜ਼ੇਲ੍ਹ ਵੀ ਗਏ। ਉਹਨਾਂ ਨੇ ਉਸ ਸਮੇਂ ਵਿਦੇਸ਼ਾਂ ਵਿੱਚ ਵੀ ਸੁਤੰਤਰਤਾ ਸੰਗਰਾਮ ਦੀ ਅਗਵਾਈ ਕੀਤੀ ਅਤੇ ਪਹਿਲੀ ਭਾਰਤੀ ਆਰਮਡ ਫੋਰਸ ਦੀ ਸਥਾਪਨਾ ਕੀਤੀ ਜਿਸਨੂੰ ਆਜ਼ਾਦ ਹਿੰਦ ਫੌਜ਼ ਵੀ ਕਿਹਾ ਗਿਆ। ਇਸ ਫੌਜ਼ ਨੇ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਪੁੱਟਣ ਦੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਵੱਖ-ਵੱਖ ਸਕੂਲਾਂ ਵਿੱਚ ਸਵੇਰ ਦੀ ਸਭਾ ਸਮੇਂ ਨੇਤਾ ਜੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਕਈ ਸਕੂਲਾਂ ਵਿੱਚ ਕਵਿਤਾ ਉਚਾਰਣ, ਭਾਸ਼ਣ ਮੁਕਾਬਲੇ, ਲੇਖ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਸਕੂਲ ਮੁਖੀਆਂ ਨੇ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕਰਨ ਲਈ ਨੇਤਾ ਜੀ ਦੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।