- ਤਰੱਕੀ ਦੀ ਦਿਸ਼ਾ ਚ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ
ਗੜ੍ਹਸ਼ੰਕਰ, 23 ਜਨਵਰੀ 2021 - ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਦੀ ਦਿਸ਼ਾ ਚ ਗੜ੍ਹਸ਼ੰਕਰ ਤਹਿਸੀਲ ਅਧੀਨ ਆਉਂਦੇ ਪਿੰਡ ਪੁਰਖੋਵਾਲ ਵਿਖੇ ਕਰੀਬ 34 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ।
ਐੱਮ.ਪੀ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਤਰੱਕੀ ਦੇ ਮਾਰਗ ਤੇ ਅੱਗੇ ਵਧ ਰਿਹਾ ਹੈ। ਤਿਵਾੜੀ ਨੇ ਕਿਹਾ ਕਿ ਵਿਕਾਸ ਕਾਰਜਾਂ ਵਾਸਤੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਜੋ ਪਿੰਡਾਂ ਚ ਵੀ ਸ਼ਹਿਰਾਂ ਦੇ ਪੱਧਰ ਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਵੀ ਨਿੰਦਾ ਕੀਤੀ, ਜਿਹੜੀ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲੈ ਕੇ ਅੜੀਅਲ ਰਵੱਈਏ ਤੇ ਬਣੀ ਹੋਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਐਮਐਲਏ ਲਵ ਕੁਮਾਰ ਗੋਲਡੀ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਧਰਮਿੰਦਰ ਕੁਮਾਰ ਨਾਇਬ ਤਹਿਸੀਲਦਾਰ, ਬੀਡੀਪੀਓ ਮਹਿਕ ਮੀਤ ਸਿੰਘ ਗਿੱਲ, ਸਰਪੰਚ ਤਰਸੇਮ ਕੌਰ, ਪੰਚ ਸੁਰਜੀਤ ਸਿੰਘ, ਪੰਚ ਬਲਵੀਰ ਚੰਦ, ਪੰਚ ਵਿਜੇ ਪਾਲ ਸਿੰਘ, ਪੰਚ ਕਮਲਜੀਤ ਕੌਰ, ਪੰਚ ਰੀਨਾ ਰਾਣੀ ਵੀ ਮੌਜੂਦ ਰਹੇ।