ਅਸ਼ੋਕ ਵਰਮਾ
ਚੰਡੀਗੜ੍ਹ, 23 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਦਿੱਲੀ ’ਚ 26 ਜਨਵਰੀ ਦੀ ਟਰੈਕਟਰ ਪਰੇਡ ਲਈ ਅੱਜ ਸ਼ਾਮ ਤੱਕ ਡੱਬਵਾਲੀ ਅਤੇ ਖਨੌਰੀ ਬਾਰਡਰਾਂ ਰਾਹੀਂ 30 ਹਜਾਰ ਟਰੈਕਟਰਾਂ ਵੱਲੋਂ ਕੂਚ ਕਰ ਜਾਣ ਦੇ ਬਾਵਜੂਦ ਕਾਫਲਿਆਂ ਦੀਆਂ ਵਹੀਰਾਂ ਜਾਰੀ ਹਨ। ਮੰਨਿਆ ਜਾ ਰਿਹਾ ਹੈ ਕਿ 24 ਜਨਵਰੀ ਸਵੇਰ ਤੱਕ ਇਕੱਲੀ ਇਸ ਕਿਸਾਨ ਜੱਥੇਬੰਦੀ ਦਾ ਕਾਫਲਾ ਹੋਰ ਵੀ ਵੱਡਾ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਅੱਜ ਸੇਵਰ ਵਕਤ ਟਰੈਕਟਰਮਾਰਚ ਲਈ ਕਾਫਲਿਆਂ ਨੂੰ ਰਵਾਨਾ ਕਰਨ ਦਾ ਵਕਤ ਤੈਅ ਕੀਤਾ ਗਿਆ ਸੀ ਪਰ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਆਨੀਂ-ਬਹਾਨੀਂ ਲਗਾਤਾਰ ਇਨਕਾਰੀ ਹੋ ਰਹੀ ਮੋਦੀ ਭਾਜਪਾ ਹਕੂਮਤ ਵਿਰੁੱਧ ਲੋਹੇ ਲਾਖੇ ਹੋਏ ਕਿਸਾਨ 26 ਜਨਵਰੀ ਨੂੰ ਕੀਤੀ ਜਾ ਰਹੀ ਪੁਰਅਮਨ ਕਿਸਾਨ ਪਰੇਡ ‘ਚ ਸ਼ਾਮਲ ਹੋਣ ਲਈ ਸੁਭਾ 8 ਵੱਜਦਿਆਂ ਹੀ ਕੂਚ ਕਰ ਗਏ। ਇਹਨਾਂ ‘ਚ ਵੱਡੀ ਗਿਣਤੀ ਨੌਜਵਾਨ ਸਨ ਜਿਹਨਾਂ ਨੇ ਸਰਕਾਰ ਵਿਰੋਧੀ ਨਾਅਰਿਆਂ ਦੀ ਝੜੀ ’ਚ ਕਿਸਾਨਂ ਲਈ ਹਰ ਕੁਰਬਾਨੀ ਕਰਨ ਦਾ ਅਹਿਦ ਦੁਰਹਾਇਆ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹੱਡ ਚੀਰਵੀਂ ਠੰਢ ਅਤੇ ਤੇਜ ਹਵਾ ਵਾਲੇ ਖਰਾਬ ਮੌਸਮ ਨੂੰ ਚੀਰ ਰਹੇ ਮੋਦੀ ਹਕੂਮਤ ਵਿਰੁੱਧ ਆਕਾਸ਼ ਗੁੰਜਾਊ ਨਾਹਰੇ ਕਿਸਾਨਾਂ ਦੇ ਅੰਤਮ ਦਮ ਤੱਕ ਘੋਲ਼ ਲੜਨ ਦੇ ਦਿ੍ਰੜ ਇਰਾਦਿਆਂ ਦਾ ਪ੍ਰਗਟਾਵਾ ਕਰ ਰਹੇ ਸਨ। ਕਿਸਾਨ ਵਲੰਟੀਅਰ ਟੀਮਾਂ ਦੀ ਬਾਜ ਅੱਖ ਚਾਰ ਚੁਫੇਰੇ ਘੁੰਮ ਰਹੀ ਸੀ। ਮਿਥੇ ਸਮੇਂ ‘ਤੇ ਬਾਕਾਇਦਾ ਕਾਫਲੇ ਤੋਰਨ ਸਮੇਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਆਗੂ ਜਨਕ ਸਿੰਘ ਭੁਟਾਲ, ਸੁਖਜੀਤ ਸਿੰਘ ਕੋਠਾਗੁਰੂ, ਜਸਵਿੰਦਰ ਸਿੰਘ ਬਰਾਸ ਅਤੇ ਹਰਜਿੰਦਰ ਸਿੰਘ ਬੱਗੀ ਸ਼ਾਮਲ ਸਨ। ਬੁਲਾਰਿਆਂ ਨੇ ਸਮੂਹ ਕਿਸਾਨਾਂ ਖਾਸਕਰ ਨੌਜਵਾਨਾਂ ਦੇ ਜੁਝਾਰੂ ਇਰਾਦਿਆਂ ਦੀ ਸ਼ਲਾਘਾ ਕਰਦੇ ਹੋਏ ਜਥੇਬੰਦੀ ਦੀਆਂ ਆਗੂ ਟੀਮਾਂ ਦੇ ਜਾਬਤੇ ਦੀ ਸਖਤ ਪਾਲਣਾ ਕਰਨ ਦਾ ਸੱਦਾ ਦਿੰਦਿਆਂ ਬੀਤੀ ਰਾਤ ਸਿੰਘੂ ਬਾਰਡਰ ‘ਤੇ ਪਕੜੇ ਗਏ ਭਾੜੇ ਦੇ ਸਰਕਾਰੀ ਟਾਊਟ ਦਾ ਹਵਾਲਾ ਦਿੰਦੇ ਹੋਏ ਪੂਰੇ ਚੌਕਸ ਤੇ ਸ਼ਾਂਤਮਈ ਰਹਿਣ ਦੀ ਲੋੜ ਤੇ ਜੋਰ ਦਿੱਤਾ।
ਉਹਨਾਂ ਦੱਸਿਆ ਕਿ ਅਜਿਹਾ ਕਰਕੇ ਹਿੰਸਕ ਟਕਰਾਅ ਪੈਦਾ ਕਰਨ ਰਾਹੀਂ ਕਿਸਾਨ ਘੋਲ਼ ਨੂੰ ਖਦੇੜਨ ਦੀਆਂ ਸਰਕਾਰੀ ਸਾਜਿਸ਼ਾਂ ਨੂੰ ਅਸਫਲ ਕੀਤਾ ਜਾ ਸਕੇਗਾ ਅਤੇ ਵਿਸ਼ਾਲ ਜਨਤਕ ਦਬਾਅ ਰਾਹੀਂ ਕਾਲੇ ਖੇਤੀ ਕਾਨੂੰਨਾਂ ਸਮੇਤ ਬਿਜਲੀ ਸੋਧ ਬਿੱਲ 2020 ਤੇ ਪਰਾਲ਼ੀ ਆਰਡੀਨੈਂਸ ਦੀ ਵਾਪਸੀ ਅਤੇ ਲਾਭਕਾਰੀ ਐਮ ਐਸ ਪੀ ‘ਤੇ ਪੂਰੇ ਦੇਸ਼ ਵਿੱਚ ਸਾਰੀਆਂ ਫਸਲਾਂ ਦੀ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਤੋਂ ਇਲਾਵਾ ਸਰਵਜਨਕ ਵੰਡ ਪ੍ਰਣਾਲੀ ਦੀਆਂ ਮੁੱਖ ਮੰਗਾਂ ਮੰਨਵਾਈਆਂ ਜਾ ਸਕਣਗੀਆਂ। ਕੋਕਰੀ ਕਲਾਂ ਨੇ ਦੱਸਿਆ ਕਿ ਲਗਭਗ ਸਾਰੀਆਂ ਜਥੇਬੰਦੀਆਂ ਤੋਂ ਅਤੇ ਸਾਰੇ ਜਿਲ੍ਹਿਆਂ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਦਿੱਲੀ ਵੱਲ ਕਿਸਾਨਾਂ ਦੇ ਛੋਟੇ ਵੱਡੇ ਕਾਫਲੇ 24 ਅਤੇ 25 ਜਨਵਰੀ ਤੱਕ ਵੀ ਪਹੁੰਚਦੇ ਰਹਿਣਗੇ। ਕਿਸਾਨ ਆਗੂ ਨੇ ਕਿਸਾਨੀ ਸੰਘਰਸ਼ ਦੇ ਸਮੂਹ ਹਿਮਾਇਤੀ ਤਬਕਿਆਂ ਦੇ ਇਨਸਾਫਪਸੰਦ ਲੋਕਾਂ ਵੱਲੋਂ ਕਿਸਾਨਾਂ ਦੀ ਹਰ ਤਰਾਂ ਨਾਲ ਕੀਤੀ ਜਾ ਰਹੀ ਸਹਾਇਤਾ ਲਈ ਧੰਨਵਾਦ ਕੀਤਾ।