ਅਸ਼ੋਕ ਵਰਮਾ
ਨਵੀਂ ਦਿੱਲੀ, 23 ਜਨਵਰੀ 2021 - ਕੇਂਦਰ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਵਿੱਤੀ ਸੰਸਥਾਵਾਂ ਪ੍ਰਤੀ ਵਫਾਦਾਰੀ ਤੇ ਕਿਸਾਨਾਂ ਪ੍ਰਤੀ ਗਲ ਵੱਢਵੀ ਦੁਸਮਣੀ ਹੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ ਦਾ ਸਾਰਥਿਕ ਹੱਲ ਨਾ ਨਿੱਕਲਣ ਲਈ ਜਿੰਮੇਵਾਰ ਹੈ ਨਾ ਕਿ ਕਿਸਾਨ ਆਗੂਆਂ ਦਾ ਅੜੀਅਲ ਵਤੀਰਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਟਿੱਕਰੀ ਬਾਰਡਰ ‘ਤੇ ਕਿਸਾਨਾਂ ਮਜਦੂਰਾਂ, ਨੌਜਵਾਨਾਂ, ਮੁਲਾਜਮਾਂ ਤੇ ਔਰਤਾਂ ਦੇ ਜੁੜੇ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਇਹ ਮੀਟਿੰਗ ਦੌਰਾਨ ਸਪਸ਼ਟ ਕਹਿ ਰਹੀ ਹੈ ਕਿ ਕਾਨੂੰਨ ਤਾਂ ਕਿਸੇ ਕੀਮਤ ਤੇ ਰੱਦ ਨਹੀਂ ਹੋਣਗੇ ਪਰ ਚਰਚਾ ਲਈ ਕਮੇਟੀ ਬਣਾ ਲਵੋ ਤਾਂ ਫਿਰ ਅਜਿਹੀ ਕਮੇਟੀ ਦੀ ਕੀ ਤੁਕ ਬਣਦੀ ਹੈ।
ਉਹਨਾਂ ਅੱਜ ਦੇ ਇਕੱਠ ਚ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਸ਼ਾਮਲ ਹੋਏ ਵੱਡੇ ਜਥੇ ਦਾ ਭਰਵਾਂ ਸਵਾਗਤ ਕਰਦਿਆਂ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਮਜਦੂਰਾਂ ਨੂੰ ਮੌਜੂਦਾ ਸੰਘਰਸ਼ ’ਚ ਸ਼ਾਮਲ ਕਰਾਉਣ ਲਈ ਤਾਣ ਜੁਟਾਉਣ ਦੀ ਲੋੜ ਹੈ। ਉਹਨਾਂ ਕੇਂਦਰ ਸਰਕਾਰ ਸਮੁੱਚੇ ਮੁਲਕ ਚ ਘੱਟ ਘੱਟੋ-ਘੱਟ ਖਰੀਦ ਮੁੱਲ ਤੇ ਸਾਰੀਆਂ ਫਸਲਾਂ ਖਰੀਦਣ ਦਾ ਕਾਨੂੰਨੀ ਹੱਕ ਦਿੱਤੇ ਬਗੈਰ ਅਤੇ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਬੰਧੀ ਆਰਡੀਨੈਂਸ ਰੱਦ ਕੀਤੇ ਬਿਨਾਂ ਸਿਰਫ ਡੇਢ ਸਾਲ ਲਈ ਕਾਨੂੰਨ ਮੁਅੱਤਲ ਕਰਨ ਦਾ ਝਾਂਸਾ ਦੇ ਕੇ ਇਹਨਾਂ ਕਾਨੂੰਨਾਂ ਦੀ ਤਲਵਾਰ ਕਿਸਾਨਾਂ ਦੇ ਸਿਰ ਤੇ ਲਟਕਦੀ ਰੱਖਕੇ ਮੌਜੂਦਾ ਘੋਲ ਨੂੰ ਖਤਮ ਕਰਾਉਣ ਰਾਹੀਂ ਕਿਸਾਨ ਜਥੇਬੰਦੀਆਂ ਚ ਫੁੱਟ ਪਾਉਣ ਦੀ ਕੋਸ਼ਿਸ ਕਰ ਰਹੀ ਹੈ ਜਿਸ ਨੂੰ ਕਿਸਾਨ ਜਥੇਬੰਦੀਆਂ ਸਫਲ ਨਹੀਂ ਹੋਣ ਦੇਣਗੀਆਂ।
ਕਿਸਾਨ ਆਗੂ ਜਰਨੈਲ ਸਿੰਘ ਜਵੰਧਾ ਪਿੰਡੀ ਨੇ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋ ਕਿਸਾਨ ਜਥੇਬੰਦੀਆਂ ਦੇ ਸਰਕਾਰ ਦੀ ਤਜਵੀਜ ਰੱਦ ਕਰਨ ਬਾਰੇ ਆਪਣੇ ਫੈਸਲੇ ਨੂੰ ਮੀਟਿੰਗ ਤੋਂ ਪਹਿਲਾਂ ਪ੍ਰੈਸ ਚ ਲਿਜਾਣ ਉਤੇ ਗੁੱਸਾ ਜਾਹਰ ਕਰਨ ਵਾਲੇ ਬਿਆਨ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਕਿਸਾਨ ਜਥੇਬੰਦੀਆਂ ਖੇਤੀ ਮੰਤਰੀ ਦੀ ਜਾਗੀਰ ਨਹੀਂ ਕਿ ਉਹ ਉਹਨਾਂ ਨਾਲ ਚਰਚਾ ਤੋਂ ਬਾਅਦ ਹੀ ਬਿਆਨ ਦੇਣਗੀਆਂ ਜਾਂ ਉਹਨਾਂ ਨੂੰ ਆਪਣਾ ਬਿਆਨ ਖੇਤੀ ਮੰਤਰੀ ਨੂੰ ਪੁੱਛਕੇ ਦੇਣਾ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਕਿਸਾਨ ਇਹ ਕਾਨੂੰਨ ਚਾਹੁੰਦੇ ਹੀ ਨਹੀਂ ਅਤੇ ਸਰਕਾਰ ਬਿਨਾਂ ਇਹਨਾਂ ਕਾਨੂੰਨਾਂ ਦੇ ਲਾਗੂ ਹੋਇਆ ਇਹਨਾਂ ਵਿੱਚ ਸੋਧਾਂ ਕਰਨ ਕਹਿ ਰਹੀ ਹੈ ਜਾਂ ਇਨਾਂ ਨੂੰ ਇਕ ਸਾਲ ਲਈ ਮੁਅੱਤਲ ਕਰਨ ਲਈ ਕਹਿ ਰਹੀ ਹੈ ਤਾਂ ਇਹਨਾਂ ਕਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਹੋਰ ਤੁਕ ਕੀ ਰਹਿ ਗਈ ਹੈ ।
ਉਹਨਾਂ ਕਿਹਾ ਕਿ ਅਸਲ ਵਿਚ ਇਨਾਂ ਕਨੂੰਨਾਂ ਲਾਗੂ ਕਰਨ ਲਈ ਮੋਦੀ ਸਰਕਾਰ ਦੇ ਮਗਰ ਅਡਾਨੀਆਂ ਅੰਬਾਨੀਆਂ ਕਾਰਪੋਰੇਟ ਘਰਾਣਿਆਂ ਦੀ ਵੱਡੀ ਤਾਕਤ ਹੈ ਅਤੇ ਮੋਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਦਾਅ ਲਾ ਤੇ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖ ਰਹੀ ਹੈ । ਉਹਨਾਂ ਕਿਹਾ ਕਿ ਇਹ ਖੇਤੀ ਵਿਰੋਧੀ ਕਾਲੇ ਕਨੂੰਨ ਕਿਸਾਨਾਂ ਦੀ ਮੌਤ ਦੇ ਜਿਨਾਂ ਨੂੰ ਰੱਦ ਕਰਵਾਉਣ ਤੋਂ ਬਿਨਾਂ ਹੋਰ ਕੋਈ ਤਜਵੀਜ ਮਨਜੂਰ ਨਹੀ । 26 ਦੀ ਪਰੇਡ ਪੂਰੀ ਤਰਾਂ ਸ਼ਾਂਤਮਈ ਅਤੇ ਪੂਰੇ ਜਬਤ ’ਚ ਕੀਤੀ ਜਾਵੇਗ ਇਸ ਦਿਨ ਜਿੱਥੇ ਸਰਕਾਰ ਆਪਣੀਆਂ ਪ੍ਰਾਪਤੀਆਂ ਚਮਕ ਦਮਕ ਰਾਹੀਂ ਪੇਸ਼ ਕਰੇਗੀ ਉਥੇ ਪਰੇਡ ਕਿਸਾਨ ਖੁਦਕੁਸ਼ੀਆਂ, ਦਲਿਤਾਂ ਤੇ ਅੱਤਿਆਚਾਰ ਅਤੇ ਔਰਤਾਂ ਨਾਲ ਹੋ ਰਹੇ ਬਲਾਤਕਾਰ ਦੀ ਤਸਵੀਰ ਪੇਸ਼ ਕਰ ਕੇ ਸਰਕਾਰਾਂ ਦੀ ਪੋਲ ਖੋਹਲੇਗੀ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਕਿਸਾਨਾਂ ਮਜਦੂਰਾਂ ਦੀ ਜੋਟੀ ਦੇ ਮਹੱਤਵ ਨੂੰ ਉਘੜਦਿਆ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਪੇਂਡੂ ਤੇ ਖੇਤ ਮਜਦੂਰਾਂ ਦੀ ਜਿੰਦਗੀ ਤੇ ਵੀ ਤਬਾਹਕੁੰਨ ਅਸਰ ਪੈਣਗੇ। ਇਸ ਮੌਕੇ ਨਾਦ ਸੰਵਾਦ ਆਰਟ ਮੰਚ ਲੁਧਿਆਣਾ ਦੀ ਟੀਮ ਵੱਲੋਂ ਸੱਚ ਦਾ ਸੰਗਰਾਮ ਨਾਟਕ ਪੇਸ਼ ਕੀਤਾ ਗਿਆ।ਇਸ ਮੌਕੇ ਜਾਹਿਰਾ ਬੇਗਮ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ, ਪੰਜਾਬ ਰੈਡੀਕਲ ਵਿਦਿਆਰਥੀ ਯੂਨੀਅਨ ਦੇ ਆਗੂ ਸਤਵੰਤ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਉੱਘੇ ਪੰਜਾਬੀ ਗਾਇਕ ਪੰਮੀ ਬਾਈ ਤੇ ਅਜਮੇਰ ਸਿੰਘ ਆਕਲੀਆ ਵੱਲੋਂ ਗੀਤ ਪੇਸ਼ ਕੀਤੇ ਗਏ।