ਅਸ਼ੋਕ ਵਰਮਾ
ਬਠਿੰਡਾ, 23 ਜਨਵਰੀ 2021 - ਬਲਾਕ ਸਿੱਖਿਆ ਅਫਸਰ ਤਲਵੰਡੀ ਸਾਬੋ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਤਲਵੰਡੀ ਸਾਬੋ ਦੇ ਪ੍ਰਧਾਨ ਭੋਲਾ ਰਾਮ ਅਤੇ ਸਕੱਤਰ ਬਲਜਿੰਦਰ ਕੌਰ ਦੀ ਅਗਵਾਈ ਵਿੱੱਚ ਮੰਗ ਪੱਤਰ ਦੇ ਕੇ ਸਕੂਲਾਂ ਅੰਦਰ ਚੱਲ ਰਹੇ ਦਬਕਾਊ ਅਤੇ ਫੇਕ ਅੰਕੜਿਆਂ ਆਧਾਰਿਤ ਮਹੌਲ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ । ਇਹਨਾਂ ਆਗੂਆਂ ਨੇ ਕਿਹਾ ਕਿ ਕਰੋਨਾ ਦੇ ਸਮੇਂ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਦੇ ਮਕਸਦ ਨਾਲ ਜਦੋਂ ਨਵੀਂ ਸਿੱਖਿਆ ਨੀਤੀ 2020 ਅਤੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਿਆਉਣ ਲਈ ਸਰਕਾਰ ਪੱਬਾਂ ਭਾਰ ਹੋਈ ਬੈਠੀ ਹੈ ਤਾਂ ਸਿੱਖਿਆ ਸਾਸਤਰੀਆਂ ਦੀਆਂ ਸਿਫਾਰਸ਼ਾਂ ਦੇ ਉਲਟ ਆਨ ਲਾਈਨ ਸਿੱਖਿਆ , ਫਰਜ਼ੀ ਅੰਕੜਿਆਂ ਅਤੇ ਪ੍ਰੋਜੈਕਟਾਂ ਜ਼ਰੀਏ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਖੇਤੀ ਕਨੂੰਨਾ ਵਾਂਗ ਹੀ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਹਨ ਜਿਹਨਾਂ ਨੇ ਸਕੂਲ , ਰੁਜ਼ਗਾਰ ਅਤੇ ਸਸਤੀ ਸਿੱਖਿਆ ਦਾ ਭੋਗ ਪਾਉਣਾ ਹੈ । ਉਹਨਾਂ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਅਤੇ ਸੰਸਾਰ ਮੁਦਰਾ ਕੋਸ਼ ਵਰਗੀਆਂ ਕਾਰਪੋਰੇਟ ਪੱਖੀ ਸੰਸਥਾਵਾਂ ਸਰਕਾਰਾਂ ਦੀ ਪਿੱਠ ਥਾਪੜ ਰਹੀਆਂ ਹਨ ਜਿਹਨਾਂ ਤੋਂ ਸਪਸ਼ਟ ਹੈ ਕਿ ਸਰਕਾਰੀ ਖੇਤਰ ਦੇ ਅਦਾਰਿਆਂ ਤੇ ਕਾਰਪੋਰੇਟਾਂ ਦੀਆਂ ਲਲਚਾਈਆਂ ਨਜ਼ਰਾਂ ਹਨ।
ਇਹਨਾਂ ਨੇ ਸਿੱਖਿਆ ਵਰਗੇ ਖੇਤਰ ਚੋਂ ਮੋਟੇ ਮੁਨਾਫੇ ਕਮਾਉਣੇ ਹਨ ਜਿਸ ਕਰਕੇ ਇਹਨਾਂ ਨੀਤੀਆਂ ਦਾ ਜਾਲ ਬੁਣਿਆ ਜਾ ਰਿਹਾ ਹੈ । ਇਸ ਸਮੇਂ ਮੀਤ ਪ੍ਰਧਾਨ ਜਸਵਿੰਦਰ ਸਿੰਘ ,ਖਜਾਨਚੀ ਜਗਤਾਰ ਸਿੰਘ , ਪ੍ਰੈਸ ਸਕੱਤਰ ਗੁਰਸਰਨ ਸਿੰਘ ਨੇ ਕਿਹਾ ਕਿ ਸਕੂਲਾਂ ’ਚ ਅਫਸਰਸ਼ਾਹੀ ਜ਼ਰੀਏ ਦਬਸ਼ ਭਰਿਆ ਮਹੌਲ ਬਣਾ ਕੇ ਤਰਕਹੀਣ ਪ੍ਰੋਜੈਕਟਾਂ ਅਤੇ ਗੈਰ ਵਿਦਿਅਕ ਸਰਗਰਮੀਆਂ ਦਾ ਮਹੌਲ ਸਿਰਜਿਆ ਜਾ ਰਿਹਾ ਹੈ ਜਿਸ ਨੇ ਪੂਰੀ ਵਿੱਦਿਆ ਪ੍ਰਣਾਲੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ ।
ਜ੍ਹਿਲਾ ਸਕੱਤਰ ਬਲਜਿੰਦਰ ਸਿੰਘ , ਜ਼੍ਹਿਲਾ ਮੀਤ ਪ੍ਰਧਾਨ ਪਰਵਿੰਦਰ ਸਿੰਘ, ਬਲਾਕ ਕਮੇਟੀ ਮੈਂਬਰ ਪੁਸ਼ਪਿੰਦਰ ਭੱਟੀ,ਗੁਰਬਾਜ ਸਿੰਘ,ਜਸਕਰਨ ਚਹਿਲ ,ਸ਼ੁਭਮ ਗਰਗ ,ਰੂਪ ਸਿੰਘ ਅਤੇ ਹਰਮੇਸ਼ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਦੀ ਹਾਲਤ ਆਰਥਿਕ ਤੌਰ ਤੇ ਚਿੰਤਾਜਨਕ ਹੈ ਪਰ ਸਰਕਾਰ ਸਕੂਲ ਖੋਹਲਣ ਦੀ ਥਾਂ ਆਨਲਾਈਨ ਸਿੱਖਿਆ ਤੇ ਜ਼ੋਰ ਲਾ ਰਹੀ ਹੈ। ਉਹਨਾਂ ਆਖਿਆ ਕਿ ਬੱਚੇ ਐਂਤਵਾਰ ਜਾਂ ਛੁੱਟੀਆਂ ਵਾਲੇ ਦਿਨਾਂ ’ਚ ਮੋਬਾਈਲਾਂ ਨਾਲ ਚਿੰਬੜੇ ਰਹਿੰਦੇ ਹਨ ਅਤੇ ਆਨਲਾਈਨ ਸਿੱਖਿਆ ਨੇ ਕੰਮ ਦੇ ਸਮੇਂ ਦੀ ਸੀਮਾ ਵੀ ਖ਼ਤਮ ਕਰ ਦਿੱਤੀ ਹੈ ਜੋ ਕੰਮ ਦੇ ਅਧਿਕਾਰਾਂ ਤੇ ਡਾਕਾ ਹੈ । ਆਗੂਆਂ ਨੇ ਬੀਪੀਈਓ ਨੂੰ ਮੰਗ ਪੱਤਰ ਦੇ ਕੇ ਇਸ ’ਚ ਦਰਜ ਮੰਗਾਂ ਮੰਨਣ ਦੀ ਮੰਗ ਕੀਤੀ। ਵਫਦ ’ਚ ਦਰਸ਼ਨ ਸਿੰਘ ,ਸੁਖਪਾਲ ਗੋਰਾ,ਰਤਨਦੀਪ ਕੌਰ,ਹਰਪ੍ਰੀਤ ਕੌਰ ,ਗੁਰਪ੍ਰੀਤ ਕੌਰ,ਮੇਜਰ ਸਿੰਘ,ਮਨਜੀਤ ਸੰਧੂ,ਪਰਮਜੀਤ ਸੰਗਤ,ਯਾਦਵਿੰਦਰ ਸਿੰਘ ਆਦਿ ਅਧਿਆਪਕ ਹਾਜਰ ਸਨ।