ਚੌਧਰੀ ਮਨਸੂਰ ਘਨੋਕੇ
ਕਾਦੀਆਂ 23 ਜਨਵਰੀ 2021 - ਪਿਛਲੇ ਕੁੱਝ ਸਮੇਂ ਤੋਂ ਡਾਹਢੇ ਨਾਰਾਜ਼ ਚੱਲ ਰਹੇ ਜ਼ਿਲੇ ਦੋ ਵਿਧਾਇਕਾਂ ਦੀ ਆਪਸ ਚ ਸੁਲਹ ਹੋ ਗਈ ਹੈ। ਸ਼੍ਰੀ ਹਰਗੋਬਿੰਦਪੁਰ ਦੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਕਾਦੀਆਂ ਹਲਕਾ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਕਾਫ਼ੀ ਚਿਰਾਂ ਤੋਂ ਇੱਕ ਦੂਜੇ ਤੋਂ ਨਾਰਾਜ਼ ਚਲੇ ਆ ਰਹੇ ਸਨ। ਅੱਜ ਬਲਵਿੰਦਰ ਸਿੰਘ ਲਾਡੀ ਐਮ ਐਲ ਏ ਸ਼੍ਰੀ ਹਰਗੋਬਿੰਦਪੁਰ ਕਾਦੀਆਂ ਹਲਕਾ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਨਿਵਾਸ ਸਥਾਨ ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਇੱਸ ਮੁਲਾਕਾਤ ਤੋਂ ਬਾਅਦ ਫ਼ਤਿਹਜੰਗ ਸਿੰਘ ਬਾਜਵਾ ਨੇ ਆਪਣੇ ਨਾਲ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਤਸਵੀਰਾਂ ਸੋਸ਼ਲ ਮੀਡਿਆ ਚ ਸਾਂਝੀਆਂ ਕੀਤੀਆਂ।
ਬਲਵਿੰਦਰ ਸਿੰਘ ਲਾਡੀ ਬਾਜਵਾ ਪਰਿਵਾਰ ਦੇ ਨਾਲ ਕਈ ਦਹਾਕਿਆਂ ਤੋਂ ਜੁੜੇ ਹੋਏ ਹਨ। ਬਾਜਵਾ ਪਰਿਵਾਰ ਦੇ ਸਮਰਥਨ ਨਾਲ ਸ਼੍ਰੀ ਬਲਵਿੰਦਰ ਸਿੰਘ ਲਾਡੀ ਸ਼੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਚੁਣੇ ਗਏ ਸਨ। ਹਲਕੇ ਚ ਚਰਚਾ ਸੀ ਕਿ ਫ਼ਤਿਹਜੰਗ ਸਿੰਘ ਬਾਜਵਾ ਦੀ ਹਲਕਾ ਸ਼੍ਰੀ ਹਰਗੋਬਿੰਦਪੁਰ ਚ ਕਾਫ਼ੀ ਦਖ਼ਲ ਅੰਦਾਜ਼ੀ ਵੱਧ ਗਈ ਸੀ। ਜਿਸਦੇ ਕਾਰਨ ਬਲਵਿੰਦਰ ਲਾਡੀ ਉਨ੍ਹਾਂ ਤੋਂ ਕਾਫ਼ੀ ਖ਼ਫ਼ਾ ਸਨ। ਇੱਸ ਤੋਂ ਬਾਅਦ ਉਨ੍ਹਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਦੋਸਤੀ ਵਧਾ ਲਈ। ਜਿਸਦੇ ਕਾਰਨ ਹਲਕਾ ਸ਼੍ਰੀ ਹਰਗੋਬਿੰਦਪੁਰ ਚ ਵਿਕਾਸ ਕਾਰਜਾਂ ਦੀ ਝੜੀ ਲੱਗ ਗਈ। ਦੋਂਵੇ ਵਿਧਾਇਕਾਂ ਦੇ ਇੱਕ ਜੁੱਟ ਹੋਣ ਕਾਰਨ ਕਾਂਗਰਸੀ ਵਰਕਰਾਂ ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।