ਐਰੀਜ਼ੋਨਾ ਵਿੱਚ ਪਲਟੀ ਟੂਰਿਸਟ ਬੱਸ, 1 ਦੀ ਮੌਤ 2 ਹੋਏ ਗੰਭੀਰ ਜ਼ਖਮੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 24 ਜਨਵਰੀ 2021
ਸੰਯੁਕਤ ਰਾਜ ਅਮਰੀਕਾ ਦੇ ਸੂਬੇ ਐਰੀਜ਼ੋਨਾ ਵਿੱਚ ਇੱਕ ਟੂਰਿਸਟ ਬੱਸ ਦੇ ਸੜਕ ’ਤੇ ਪਲਟ ਜਾਣ ਦਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰੈਂਡ ਕੈਨਯੋਨ ਜਾ ਰਹੀ ਲਾਸ ਵੇਗਸ ਦੀ ਇੱਕ ਟੂਰ ਬੱਸ ਦੇ ਸ਼ੁੱਕਰਵਾਰ ਨੂੰ ਉੱਤਰ ਪੱਛਮੀ ਐਰੀਜ਼ੋਨਾ ਵਿੱਚ ਪਲਟ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਯਾਤਰੀ ਗੰਭੀਰ ਜ਼ਖਮੀ ਹੋਏ ਹਨ । ਮੋਹੇਵ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੀ ਬੁਲਾਰੀ ਅਨੀਤਾ ਮੋਰਟੇਨਸਨ ਅਨੁਸਾਰ ਸ਼ੁੱਕਰਵਾਰ ਦੁਪਹਿਰ ਦੇ ਆਸ ਪਾਸ ਬੱਸ ਨਾਲ ਵਾਪਰੀ ।ਇਸ ਘਟਨਾ ਦੇ ਕਾਰਨਾ ਦਾ ਫਿਲਹਾਲ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਹਾਦਸੇ ਵਿੱਚ ਕੋਈ ਹੋਰ ਵਾਹਨ ਵੀ ਸ਼ਾਮਿਲ ਸੀ ਜਾਂ ਨਹੀ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿੱਚ ਡਰਾਈਵਰ ਸਮੇਤ 48 ਲੋਕ ਸਵਾਰ ਸਨ। ਇਸ ਹਾਦਸੇ ਤੋਂ ਬਾਅਦ 44 ਲੋਕਾਂ ਨੂੰ ਕਿੰਗਮੈਨ ਰਿਜ਼ਨਲ ਮੈਡੀਕਲ ਸੈਂਟਰ ਭੇਜਿਆ ਗਿਆ, ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖਮੀ ਯਾਤਰੀਆਂ ਨੂੰ ਮੈਡੀਕਲ ਹੈਲੀਕਾਪਟਰਾਂ ਦੁਆਰਾ ਹਸਪਤਾਲ ਲਿਜਾਇਆ ਗਿਆ। ਖੇਤਰੀ ਪੁਲਿਸ ਦੁਆਰਾ ਹਾਦਸੇ ਦੇ ਕਾਰਨਾ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਗਈ ਹੈ। ਇਹ ਬੱਸ ਲਾਸ ਵੇਗਸ ਤੋਂ ਲੱਗਭਗ ਢਾਈ ਘੰਟੇ ਦੀ ਦੂਰੀ ਤੇ ਰਾਸ਼ਟਰੀ ਪਾਰਕ ਦੀ ਹੱਦ ਦੇ ਬਾਹਰ, ਗ੍ਰੈਂਡ ਕੈਨਯੋਨ ਵੈਸਟ ਵੱਲ ਜਾ ਰਹੀ ਸੀ। ਇਹ ਇੱਕ ਸੈਰ ਸਪਾਟਾ ਸਥਾਨ ਹੁਆਲਾਪਾਈ ਰਿਜ਼ਰਵੇਸ਼ਨ 'ਤੇ ਸਥਿਤ ਹੈ। ਕੋਰੋਨਾ ਵਾਇਰਸ ਮਹਾਂਮਾਰੀ ਤੋਂ ਪਹਿਲਾਂ, ਹਰ ਸਾਲ ਲੱਗਭਗ 10 ਲੱਖ ਲੋਕ ਗ੍ਰਾਂਡ ਕੈਨਯੋਨ ਵੈਸਟ ਦਾ ਦੌਰਾ ਕਰਦੇ ਸਨ ਅਤੇ ਜਿਆਦਾਤਰ ਟੂਰ ਲਾਸ ਵੇਗਸ ਤੋਂ ਆਉਂਦੇ ਸਨ। ਇਸ ਸਥਾਨ ਤੇ ਸਕਾਈਵਾਕ ਤੋਂ ਇਲਾਵਾ, ਹੈਲੀਕਾਪਟਰ ਯਾਤਰਾ, ਘੋੜ ਸਵਾਰੀ ਅਤੇ ਇਕ ਦਿਨ ਲਈ ਕੋਲੋਰਾਡੋ ਨਦੀ ਵਿੱਚ ਵ੍ਹਾਈਟ ਵਾਟਰ ਰਾਫਟਿੰਗ ਦੀ ਵੀ ਸਹੂਲਤ ਹੈ।