ਅਸ਼ੋਕ ਵਰਮਾ
ਬਰਨਾਲਾ: 24ਜਨਵਰੀ 2021: ਬਰਨਾਲਾ ਜਿਲ੍ਹੇ ’ਚ ਪੰਜ ਥਾਵਾਂ ਤੇ26 ਜਨਵਰੀ ਨੂੰ ਦਿੱਲੀ ’ਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੇ ਬਾਰਬਰ ਟਰੈਕਟਰ ਮਾਰਚ ਕੀਤੇ ਜਾਣਗੇ ਜਿਸ ਲਈ ਤਿਆਰੀਆਂ ਮੁਕੰਮਲ ਹਨ। ਰੇਲਵੇ ਸਟੇਸ਼ਨ ਦੀ ਪਾਰਕਿੰਗ ‘ਚ ਲੱਗੇ ਕਿਸਾਨ ਧਰਨੇ ਦੇ 116ਵੇਂ ਦਿਨ ਅੱਜ ਬੁਲਾਰਿਆਂ ਨੇ ਰੂਟ ਸਾਹਿਤ ਜਾਣਕਾਰੀ ਦਿੱਤੀ। ਅੱਜ ਦੇ ਧਰਨੇ ’ਚ ਬੀ, ਐਡ ਟੀਚਰਜ਼ ਫਰੰਟ ਦੇ ਸਾਥੀ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਅੱਜ ਪੂਰਾ ਦਿਨ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨੇ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਮਾਸਟਰ ਸੁਦਰਸ਼ਨ ਗੁੱਡੂ, ਸੋਹਨ ਸਿੰਘ ਮਾਝੀ ਤੇ ਅਵਤਾਰ ਬਰਨਾਲਾ ਦੇ ਜ਼ੋਸੀਲੇ ਗੀਤਾਂ ਤੋਂ ਬਾਅਦ ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਮਾਸਟਰ ਜਸਪਾਲ ਸਿੰਘ, ਬਾਬੂ ਸਿੰਘ, ਯਾਦਵਿੰਦਰ ਸਿੰਘ ਚੌਹਾਨਕੇ, ਖੁਸ਼ੀਆ ਸਿੰਘ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ, ਪਰਮਿੰਦਰ ਸਿੰਘ, ਸਾਹਿਬ ਸਿੰਘ ਬਡਬਰ, ਕਰਨੈਲ ਸਿੰਘ ਗਾਂਧੀ ਅਤੇ ਸ਼ੇਰ ਸਿੰਘ ਫਰਵਾਹੀ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਦਿੱਲੀ ਵਿਚ ਟਰੈਕਟਰ ਪਰੇਡ ਦੀ ਇਜ਼ਾਜਤ ਮਿਲਣ ਨੂੰ ਕਿਸਾਨ ਘੋਲ ਦੀ ਇਕ ਵੱਡੀ ਪ੍ਰਾਪਤੀ ਕਰਾਰ ਦਿੰਦਿਆਂ ਆਖਿਆ ਕਿ ਜਲਦੀ ਹੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੀ ਮੰਗ ਵੀ ਮਨਵਾ ਲਈ ਜਾਏਗੀ। ਉਹਨਾਂ ਕਿਹਾ ਕਿ ਸਰਕਾਰ ਟਾਲ-ਮਟੋਲ ਦੀ ਨੀਤੀ ਅਪਣਾ ਕੇ ਸਾਡੇ ਸਿਰੜ ਦਾ ਇਮਤਿਹਾਨ ਲੈ ਰਹੀ ਹੈ ਜਦੋਂਕਿ ਅਸੀਂ ਘੋਲ ਦੇ ਪਹਿਲੇ ਦਿਨ ਤੋਂ ਹੀ ਸਪੱਸ਼ਟ ਕੀਤਾ ਹੋਇਆ ਹੈ ਕਿ ‘ਘਰ ਵਾਪਸੀ ਤਦ ਹੀ ਹੋਵੇਗੀ ਜਦ ਕਾਨੂੰਨ ਵਾਪਸੀ’ ਹੋਵੇਗੀ। ਬੁਲਾਰਿਆਂ ਨੇ ਦਿੱਲੀ ਟਰੈਕਟਰ ਨਾ ਲੈ ਕੇ ਜਾਣ ਵਾਲੇ ਕਿਸਾਨਾਂ ਨੂੰ 26 ਜਨਵਰੀ ਨੂੰ ਬਰਨਾਲਾ ਜਿਲੇ ਵਿਚ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਹਰ ਟਰੈਕਟਰ ਉਪਰ ਸਿਰਫ ਦੋ ਝੰਡੇ ਲਾਏ ਜਾਣਗੇ, ਜਿਹਨਾਂ ਚੋਂ ਇੱਕ ਸਬੰਧਿਤ ਕਿਸਾਨ ਜਥੇਬੰਦੀ ਦਾ ਅਤੇ ਦੂਸਰਾ ਕੌਮੀ ਝੰਡਾ ਹੋਵੇਗਾ।
ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਕੌਮੀ ਝੰਡੇ 25 ਤਰੀਕ ਨੂੰ ਧਰਨੇ ਵਾਲੀ ਥਾਂ ‘ਤੇ ਮੁਹੱਈਆ ਕਰਵਾਏ ਜਾਣਗੇ। ਟਰੈਕਟਰ ਉਪਰ ਡੈਕਾਂ ਤੇ ਗਾਣੇ ਵਜਾਉਣ ਦੀ ਮਨਾਹੀ ਹੋਵੇਗੀ ਅਤੇ ਪੂਰੀ ਸੰਜੀਦਗੀ ਤੇ ਅਨੁਸ਼ਾਸਨ ਨਾਲ 26 ਜਨਵਰੀ ਦੇ ਕੌਮੀ ਤਿਉਹਾਰ ਦੀ ਮਰਿਆਦਾ ਦਾ ਖਿਆਲ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਮਹਿਲ ਕਲਾਂ, ਬਰਨਾਲਾ, ਭਦੌੜ, ਤਪਾ ਤੇ ਧਨੌਲਾ ਵਿਖੇ ਟਰੈਕਟਰ ਮਾਰਚ ਕਰਕੇ ਲੋਕਾਂ ਨੂੰ ਕਿਸਾਨੀ ਸੰਘਰਸ਼ ਨਾਲ ਜੋੜਿਆ ਜਾਵੇਗਾ। ਅੱਜ ਦਿੱਲੀ ਧਰਨੇ ’ਚ ਸ਼ਾਮਲ ਹੋਕੇ ਆਈ ਇਨਕਲਾਬੀ ਕੇਂਦਰ ਦੀ ਨੌਜਵਾਨ ਟੀਮ ਵੀ ਧਰਨੇ ’ਚ ਪੁੱਜੀ। ਟੀਮ ਦੀ ਮੈਂਬਰ ਮਹਿਕਦੀਪ ਨੇ ਦੱਸਿਆ ਕਿ ਦਿੱਲੀ ਮੋਰਚੇ ਦੇ ਹੌਂਸਲੇ ਬੁਲੰਦ ਹਨ ਅਤੇ ਵੱਡੀ ਗਿਣਤੀ ਲੋਕ ਟਰੈਕਟਰਾਂ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਅੱਜ ਕਾਮਰੇਡ ਜੀਤ ਸਿੰਘ ਪੱਖੋ ਕਲਾਂ,ਦਲੀਪ ਸਿੰਘ ਬਰਨਾਲਾ, ਖੁਸ਼ਹਾਲ ਸਿੰਘ ਠੀਕਰੀਵਾਲਾ, ਨਿਰਮਲ ਸਿੰਘ ਭੱਠਲ ਅਤੇ ਬਲਵੰਤ ਸਿੰਘ ਰਾਏ 24 ਘੰਟੇ ਦੀ ਭੁੱਖ ਹੜਤਾਲ ‘ਤੇ ਬੈਠੇ।