ਅਸ਼ੋਕ ਵਰਮਾ
ਬਠਿੰਡਾ, 24 ਜਨਵਰੀ 2021 - ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਔਰਤ ਕਰਜਾ ਮੁਆਫੀ ਤੇ ਮਜਦੂਰ ਅਧਿਕਾਰਾਂ ਲਈ ਕੈਪਟਨ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਠਿੰਡਾ ਦਫਤਰ ਅਤੇ ਸੰਗਰੂਰ ’ਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਿਹਾਇਸ਼ ਲਾਗੇ 15 ਦਿਨਾਂ ਲਈ ਦਿਨ ਰਾਤ ਦੇ ਧਰਨੇ ਸ਼ੁਰੂ ਕਰਦਿਆਂ ਮਜਦੂਰਾਂ ਦਾ ਕਰਜਾ ਮਾਫ ਅਤੇ ਪੰਚਾਇਤੀ,ਸਰਕਾਰੀ ਜਮੀਨਾਂ ਬੇਜਮੀਨੇ ਗਰੀਬਾਂ ‘ਚ ਰਿਹਾਇਸ਼ ਅਤੇ ਗੁਜਾਰੇ ਲਈ ਵੰਡਣ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਮਾਉਂ ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸੇਮਾ,ਸੂਬਾ ਪ੍ਰੈਸ ਸਕੱਤਰ ਪ੍ਰਦੀਪ ਗੁਰੂ,ਸੂਬਾ ਕਮੇਟੀ ਮੈਂਬਰ ਪਰਮਜੀਤ ਕੌਰ ਮੁਦਕੀ ਅਤੇ ਸਤਨਾਮ ਸਿੰਘ ਪੱਖੀ ਖੁਰਦ ਨੇ ਕਿਹਾ ਕਿ ਦਿੱਲੀ ਵਿਖੇ ਕਾਲੇ ਕਾਨੂੰਨਾਂ ਖਿਲਾਫ ਜਾਰੀ ਕਿਸਾਨ ਅੰਦੋਲਨ ਦੀ ਹਮਾਇਤ ਦੇ ਨਾਲ ਨਾਲ ਕੈਪਟਨ ਸਰਕਾਰ ਦੇ ਦਲਿਤਾਂ,ਗਰੀਬਾਂ ਨਾਲ ਕੀਤੀ ਵਾਅਦਾਖਿਲਾਫੀ ਖਿਲਾਫ ਅਤੇ ਮਜਦੂਰ ਅਧਿਕਾਰਾਂ ਲਈ ਅੰਦੋਲਨ ਤੇਜ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਪੰਜਾਬ ’ਚ ਬਿਜਲੀ ਦੇ ਰੇਟ ਅੱਧੇ ਕਰਨ ਦੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਨੇ ਹਜਾਰਾਂ ਰੁਪਏ ਦੇ ਬਿੱਲ ਭੇਜ ਕੇ ਗਰੀਬਾਂ ਦੇ ਨੱਕ ‘ਚ ਦਮ ਕਰ ਦਿੱਤਾ ਹੈ ਅਤੇ ਬੁਢਾਪਾ ਪੈਂਨਸ਼ਨ 2500 ਰੁਪਏ ਮਹੀਨਾ ਕਰਨ ਦੀ ਥਾਂ ਬਜੁਰਗਾਂ ਨੂੰ ਨੋਟਿਸ ਭੇਜ ਕੇ 700 ਵਾਲੀ ਪੈਂਨਸ਼ਨ ਵਾਪਸ ਮੰਗੀ ਜਾ ਰਹੀ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਧਰਨੇ ਮੁਜਾਹਰੇ ਕਰਨ ਵਾਲੇ ਕੈਪਟਨ ,ਬਾਦਲ ਤੇ ਆਅਮ ਆਦਮੀ ਪਾਰਟੀ ਦੇ ਲੀਡਰ ਕਿਰਤ ਕਾਨੂੰਨਾਂ ‘ਚ ਕੀਤੀਆਂ ਮਜਦੂਰ ਮਾਰੂ ਸੋਧਾਂ ਤੇ ਚੁੱਪ ਕਿਉਂ ਹਨ। ਉਹਨਾਂ ਕਿਹਾ ਕਿ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਕਿਸਾਨ ਪੱਖੀ ਹੋਣ ਦੇ ਦਮਗਜੇ ਮਾਰਨ ਵਾਲੀਆਂ ਪੰਜਾਬ ਦੀਆਂ ਤਿੰਨੇ ਸਿਆਸੀ ਪਾਰਟੀਆਂ ਕਾਂਗਰਸ ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਮਜਦੂਰ ਵਿਰੋਧੀ ਹਨ।
ਉਹਨਾਂ ਕਿਹਾ ਕਿ ਕੈਪਟਨ ਦੇ ਰਾਜ ਅੰਦਰ ਨੌਜਵਾਨਾਂ ਨੂੰ ਨੌਕਰੀਆਂ ਤਾਂ ਦੂਰ ਦਲਿਤ ਵਿਦਿਆਰਥੀਆਂ ਨੂੰ ਵਜੀਫਾ ਵੀ ਨਹੀਂ ਦਿੱਤਾ ਗਿਆ ਜੋ ਕਿ ਗਰੀਬ ਪ੍ਰੀਵਾਰਾਂ ਨਾਲ ਧੋਖਾ ਹੈ। ਉਹਨਾਂ ਕਿਹਾ ਕਿ ਔਰਤ ਸਿਰ ਚੜ੍ਹੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੇ ਕਰਜੇ ਸਮੇਤ ਗਰੀਬਾਂ ਦੇ ਸਾਰੇ ਕਰਜੇ ਮੁਆਫ ਕੀਤੇ ਜਾਣ,ਗਰੀਬਾਂ ਨੂੰ ਆਏ ਹਜਾਰਾਂ ਰੁਪਏ ਦੇ ਘਰੇਲੂ ਬਿਜਲੀ ਬਿੱਲਾਂ ਦੀ ਮੁਆਫੀ ਤੇ ਬਿਜਲੀ ਰੇਟ ਅੱਧੇ ਕਰਵਾਉਣ , ਪੰਚਾਇਤੀ ਤੇ ਸਰਕਾਰੀ ਜਮੀਨਾਂ ਬੇਜਮੀਨੇ ਦਲਿਤਾਂ ਤੇ ਗਰੀਬਾਂ ‘ਚ ਰਿਹਾਇਸ਼ ਘਰ ਬਣਾਉਣ ਤੇ ਗੁਜਾਰੇ ਲਈ ਵੰਡਾਉਣ,ਖੇਤੀ ਕਾਨੂੰਨਾਂ ਦੀ ਤਰਾਂ ਕਿਰਤ ਕਾਨੂੰਨਾਂ ‘ਚ ਕੀਤੀਆਂ ਸੋਧਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਏਗਾ।ਇਸ ਸਮੇਂ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ,ਪਿ੍ਰਤਪਾਲ ਪੀਕਾ,ਜਸਵੰਤ ਪੂਹਲੀ,ਹਰਮਨ ਹਿੰਮਤਪੁਰਾ ,ਸੁਖਜੀਤ ਰਾਮਾਂਨੰਦੀ ,ਸੁਖਜੀਵਨ ਮੌੜ ਚੜਤ,ਗੁਲਾਬ ਖੀਵਾ,ਭੋਲਾ ਝੱਬਰ,ਕਿ੍ਰਸ਼ਣਾ ਮਾਨਸਾ,ਮਨਜੀਤ ਕੌਰ ਜੋਗਾ,ਜਰਨੈਲ ਮਾਨਸਾ ਆਦਿ ਸ਼ਾਮਿਲ ਸਨ।