- ਸਿਰਸਾ ਦਾ ਪੁੱਤਲਾ ਸਾੜਿਆ
ਨਵੀਂ ਦਿੱਲੀ, 24 ਜਨਵਰੀ 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਪੰਜਾਬੀ ਬਾਗ ਸਥਿਤ ਘਰ ਦਾ ਘਿਰਾਓ ਅੱਜ ਜਾਗੋ ਪਾਰਟੀ ਵੱਲੋਂ ਕੀਤਾ ਗਿਆ। ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਸੱਦੇ 'ਤੇ ਜਾਗੋ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਚਮਨ ਸਿੰਘ ਅਤੇ ਕੋਮਾਂਤਰੀ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ ਦੀ ਅਗਵਾਹੀ ਹੇਠ ਪਾਰਟੀ ਆਗੂਆਂ ਅਤੇ ਕਾਰਕੂਨਾਂ ਨੇ ਸਿਰਸਾ ਦੇ ਘਰ ਦੇ ਬਾਹਰ ਜੋਰਦਾਰ ਰੋੋਸ਼ ਮੁਜ਼ਾਹਰਾ ਕੀਤਾ। ਪੰਜਾਬੀ ਬਾਗ ਕਲੱਬ ਦੇ ਸਾਹਮਣੇ ਤੋਂ ਰੋਸ਼ ਮੁਜ਼ਾਹਰੇ ਦੀ ਸ਼ੁਰੂਆਤ ਕਰਦੇ ਹੋਏ ਮੁਜਾਹਰਾਕਾਰੀਆਂ ਨੇ ਸਿਰਸਾ ਦੇ ਘਰ ਦੇ ਬਾਹਰ ਲੱਗੇ ਪੁਲਿਸ ਅੜਿਕਿਆ ਤੋਂ ਪਹਿਲਾ ਸੜਕ 'ਤੇ ਬਹਿ ਕੇ ਚੌਪਈ ਸਾਹਿਬ ਜੀ ਦਾ ਪਾਠ ਕੀਤਾ। ਉਪਰੰਤ ਪਾਠ ਸਿਰਸਾ ਦਾ ਪੁਤਲਾ ਸਾੜਿਆ ਗਿਆ।
ਇਸ ਮੌਕੇ ਮੁਜਾਹਰਾਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਆਗੂਆਂ ਨੇ ਸਿਰਸਾ ਦੇ ਅਸਤੀਫੇ ਨੂੰ ਲੈ ਕੇ ਜੋਰਦਾਰ ਦਲੀਲਾਂ ਦਿੱਤੀਆਂ।ਚਮਨ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਡੇਰਾ ਮੁਆਫੀ ਦੇ ਬਜ਼ਰ ਗੁਨਾਹਾਂ ਤੋਂ ਬਾਅਦ ਸਿਰਸਾ ਨੂੰ ਕਲੀਨ ਚਿੱਟ ਦੇ ਕੇ ਇੱਕ ਹੋਰ ਪਾਪ ਕਮਾਇਆ ਹੈ। ਸਿਰਸਾ ਦੇ ਖਿਲਾਫ ਦੋਨੋਂ ਐਫਆਈਆਰ ਕੋਰਟ ਦੇ ਆਦੇਸ਼ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਪੂਰੀ ਜਾਂਚ ਉਪਰੰਤ ਹੋਇਆਂ ਹਨ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਰਸਾ ਨੂੰ ਕਲੀਨ ਚਿੱਟ ਦੇ ਕੇ ਸਿੱਖਾਂ ਨੂੰ ਚਿੜ੍ਹਾ ਰਹੇ ਹਨ। ਸਿਰਸਾ ਦੇ ਪਿਛਲੇ 2 ਸਾਲ ਦੇ ਰਾਜ ਦੌਰਾਨ ਜੋ ਜਬਰ ਸਟਾਫ਼ ਦੇ ਖਿਲਾਫ਼ ਕੀਤਾ ਹੈ, ਉਸਦੀ ਕੋਈ ਮਿਸਾਲ ਨਹੀਂ ਹੈ।
ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਪਿਛਲੇ 2 ਸਾਲ ਤੋਂ ਅਸੀਂ ਸਿਰਸਾ ਦੀ ਹਰ ਗਲਤੀ ਨੂੰ ਚੁੱਪਚਾਪ ਨਜ਼ਰਅੰਦਾਜ਼ ਕਰ ਰਹੇ ਸੀ ਪਰ ਹੁਣ ਅਦਾਲਤ ਦੇ ਹੁਕਮਾਂ ਉਪਰੰਤ ਦਰਜ਼ ਹੋਈ 2 ਐਫਆਈਆਰ ਨੂੰ ਸਿਰਸਾ ਜਿਸ ਤਰੀਕੇ ਨਾਲ ਹਮਦਰਦੀ ਲੈਣ ਲਈ ਕਿਸਾਨ ਅੰਦੋਲਨ ਨਾਲ ਜੋੜ ਰਹੇ ਹਨ, ਉਹ ਗਲਤ ਹੈ। ਕਿਸਾਨਾਂ ਦਾ ਅੰਦੋਲਨ ਪਵਿੱਤਰ ਹੈ, ਸਿਰਸਾ ਆਪਣੇ ਨਾਪਾਕ ਗੁਨਾਹਾਂ ਨੂੰ ਕਿਸਾਨਾਂ ਦੀ ਓਟ 'ਚ ਲੁਕਾ ਨਹੀਂ ਸਕਦੇ। ਅਸੀਂ ਸਿਰਸਾ ਦੇ ਘਰ ਲੰਗਰ ਦੀ ਪਵਿੱਤਰਤਾ ਭੰਗ ਹੋਣ, ਸਟਾਫ ਨੂੰ ਸਤਾਉਣ, ਗਲਤ ਇਤਿਹਾਸ ਪੜ੍ਹਨ, ਦੋ ਆਈਟੀਆਈ ਬੰਦ ਕਰਨ, 1984 ਦੀ ਲੜਾਈ ਨੂੰ ਖਰਾਬ ਕਰਨ ਸਣੇ ਕਮੇਟੀ 'ਚ ਮਨਮਤ ਅਤੇ ਕਰਮਕਾਂਡਾ ਦਾ ਪ੍ਰਚਾਰ ਕਰਨ ਦੇ ਬਾਵਜੂਦ ਕਦੇ ਨਹੀਂ ਆਏ। ਪਰ ਅੱਜ ਅਸੀਂ ਸਿਰਸਾ ਦੇ ਬੂਹੇ 'ਤੇ ਆਏ ਹਾਂ ਤਾਂ ਕਿ ਸੁਖਬੀਰ ਬਾਦਲ ਦੀ ਨੀਂਦ ਖੁਲ੍ਹੇੇ।
ਜਦੋਂ ਮਨਜੀਤ ਸਿੰਘ ਜੀਕੇ 'ਤੇ ਭ੍ਰਿਸਟਾਚਾਰ ਦੇ ਕਥਿਤ ਇਲਜਾਮ ਲੱਗੇ ਸੀ ਤਾਂ ਉਹਨਾਂ ਨੇ ਤੁਰੰਤ ਅਸਤੀਫਾ ਦੇ ਦਿੱਤਾ ਸੀ। ਪਰ ਅੱਜ 2 ਐਫਆਈਆਰ ਦਰਜ ਹੋਣ ਦੇ ਬਾਅਦ ਵੀ ਸਿਰਸਾ ਅਸਤੀਫਾ ਦੇਣ ਤੋਂ ਭੱਜ ਰਹੇ ਹਨ। ਸਿਰਸਾ ਆਪਣੇ ਆਪ ਨੂੰ ਅਰਬਪਤੀ ਦਸਦੇ ਹਨ, ਇਸ ਲਈ ਸਿਰਫ ਢਾਈ ਰੁਪਏ ਦੇ ਖਰਚੇ ਅਤੇ ਜਾਗਦੇ ਜ਼ਮੀਰ ਨਾਲ ਆਪਣਾ ਅਸਤੀਫਾ ਇੱਕ ਕਾਗਜ ਅਤੇ ਕਲਮ ਲੈ ਕੇ ਦਸਤਖ਼ਤ ਕਰ ਦੇਣ। ਜੇਕਰ ਢਾਈ ਰੁਪਏ ਵੀ ਨਹੀਂ ਖਰਚ ਸਕਦੇ ਤਾਂ ਉਹ ਵੀ ਜਾਗੋ ਪਾਰਟੀ ਕਰਨ ਨੂੰ ਤਿਆਰ ਹੈ। ਇਸ ਲਈ ਗੱਲਾਂ ਕਰਨ ਦੀ ਬਜਾਏ ਆਪਣਾ ਅਸਤੀਫਾ ਦੇਣ। ਅਸੀਂ ਸਿਰਸਾ ਦਾ ਪੁੱਤਲਾ ਸਾੜਿਆ ਹੈ ਤਾਂਕਿ ਸਿਰਸਾ ਦਾ ਹੰਕਾਰ, ਫਰੇਬ, ਮੱਕਾਰੀ ਅਤੇ ਝੂਠ ਸੜ ਜਾਏ। ਦਿੱਲੀ ਕਮੇਟੀ ਦੇ ਮੈਂਬਰ ਹਰਮਨਜੀਤ ਸਿੰਘ ਦੇ ਭਰਾ ਰਾਜਾ ਬਲਦੀਪ ਸਿੰਘ ਨੇ ਕਿਹਾ ਕਿ ਸੰਗਤਾਂ ਸਾਨੂੰ ਬਾਰ-ਬਾਰ ਪੁੱਛ ਰਹੀਆਂ ਹਨ ਕਿ ਸਾਡੇ ਇਲਾਕੇ ਦਾ ਸਾਬਕਾ ਵਿਧਾਇਕ ਭ੍ਰਿਸ਼ਟਾਚਾਰ ਦੇ ਆਰੋਪਾਂ 'ਤੇ ਐਫਆਈਆਰ ਦਰਜ ਹੋਣ ਦੇ ਬਾਵਜੂਦ ਅਸਤੀਫਾ ਕਿਊਂ ਨਹੀਂ ਦੇ ਰਿਹਾ ਹੈ। ਇਸ ਮੌਕੇ ਪਾਰਟੀ ਦੇ ਸਮੂਹ ਅਹੁਦੇਦਾਰ, ਵਰਕਰ ਸਾਹਿਬਾਨ, ਯੂਥ ਅਤੇ ਕੋਰ ਬਿਗ੍ਰੇਡ ਦੇ ਆਗੂ ਸਾਹਿਬਾਨ ਮੌਜੂਦ ਸਨ।