ਜ਼ਿਲ੍ਹੇ ਦੇ ਸਰਾਕਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਤਕਰੀਬਨ 13 ਹਜ਼ਾਰ ਲੜਕੀਆਂ ਨੂੰ ਹੋਇਆ ਫਾਇਦਾ
ਪਠਾਨਕੋਟ, 25 ਜਨਵਰੀ 2021: ਕੌਮੀ ਬਾਲੜੀ ਦਿਵਸ ਦੇ ਮੌਕੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੇ ਮਨੋਬਲ ਵਿੱਚ ਆਏ ਸੁਧਾਰ ਬਾਰੇ ਜਾਣਕਾਰੀ ਸਾਂਝੀ ਕਰਦਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਰਿੰਦਰ ਪਰਾਸ਼ਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਜ਼ਿਲ੍ਹੇ ਦੇ ਹਾਈ ਅਤੇ ਸੀਨੀਅਰ ਸੰਕੈਡਰੀ ਸਕੂਲਾਂ ਵਿੱਚ ਸੈਨਟਰੀ ਪੈਂਡ ਵੈਡਿੰਗ ਅਤੇ ਇੰਨਸਨਰੇਟਰ ਮਸ਼ੀਨਾਂ ਲਗਾਉਣ ਦਾ ਕੰਮ ਪ੍ਰਗਤੀ ਹੇਠ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 81 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 64 ਸਕੂਲਾਂ ਵਿੱਚ ਇਹ ਮਸ਼ੀਨਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਨ੍ਹਾਂ ਮਸ਼ੀਨਾਂ ਦਾ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ 13 ਹਜ਼ਾਰ ਦੇ ਕਰੀਬ ਲੜਕੀਆਂ ਨੂੰ ਫਾਇਦਾ ਹੋਇਆ ਹੈ।
ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਦੀ ਪ੍ਰਿੰਸੀਪਲ ਰਘੁਬੀਰ ਕੌਰ ਨੇ ਦੱਸਿਆ ਕਿ ਪੁਰਾਣੇ ਸਮੇਂ ਤੋਂ ਮਹਾਂਵਾਰੀ ਸਬੰਧੀ ਕਈ ਅੰਧਵਿਸ਼ਵਾਸ਼ ਜੁੜੇ ਹਨ ਜਿਨ੍ਹਾਂ ਦੇ ਚੱਲਦਿਆ ਲਕੜੀਆਂ ਨੂੰ ਅਪਵਿੱਤਰ ਸਮਝਿਆਂ ਜਾਂਦਾ ਸੀ ਅਤੇ ਉਨ੍ਹਾਂ ਨਾਲ ਭੇਦ ਭਾਵ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਮਹਾਂਵਾਰੀ ਦੇ ਕਾਰਨ ਲੜਕੀਆਂ ਦੀ ਸਕੂਲਾਂ ਵਿੱਚ ਹਾਜ਼ਰੀ ਘੱਟ ਜਾਂਦੀ ਹੈ ਅਤੇ ਕਈ ਵਾਰ ਤਾਂ ਮਾਪੇ ਬੱਚੀਆਂ ਨੂੰ ਅਗਿਆਨਤਾ ਦੇ ਚੱਲਦਿਆ ਸਕੂਲੋਂ ਹੀ ਉਠਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਸੈਨਟਰੀ ਪੈਂਡ ਵੈਡਿੰਗ ਅਤੇ ਇੰਨਸਨਰੇਟਰ ਮਸ਼ੀਨਾਂ ਦੇ ਸਕੂਲਾਂ ਵਿੱਚ ਲੱਗਣ ਨਾਲ ਵਿਦਿਆਰਥਣਾਂ ਦਾ ਆਤਮ ਵਿਸ਼ਵਾਸ਼ ਵਧਿਆ ਹੈ। ਉਨ੍ਹਾਂ ਦੀ ਹਾਜ਼ਰੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਇਹ ਮਸ਼ੀਨਾਂ ਲੜਕੀਆਂ ਨਾਲ ਮਹਾਂਵਾਰੀ ਦੌਰਾਨ ਕੀਤੇ ਜਾ ਰਹੇ ਭੇਦ ਭਾਵ ਦੀ ਸਮਾਜਿਕ ਕੁਰੀਤੀ ਨੂੰ ਠਲ ਪਾਉਣ ਵਿੱਚ ਸਹਾਈ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਆਸ਼ਾ ਵਰਕਰਾਂ ਅਤੇ ਡਾਕਟਰਾਂ ਵੱਲੋਂ ਮਹਾਂਵਾਰੀ ਦੌਰਾਨ ਸਾਫ ਸਫਾਈ ਅਤੇ ਸਿਹਤ ਸੰਭਾਲ ਸਬੰਧੀ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਇਨ੍ਹਾਂ ਡਾਕਟਰਾਂ ਅਤੇ ਆਸ਼ਾ ਵਰਕਰਾਂ ਵੱਲੋਂ ਮਿੱਥੇ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਪਹੁੰਚ ਕਰਕੇ ਲੜਕੀਆਂ ਨੂੰ ਮਹਾਂਵਾਰੀ ਦੌਰਾਨ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਸਫਾਈ ਬਣਾਏ ਰੱਖਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ।
ਕੁਝ ਵਰੇ ਪਹਿਲਾਂ ਲੜਕੀਆਂ ਘਰਾਂ ਵਿੱਚ ਉਪਲਬਧ ਕਪੜੇ ਦੇ ਨੈਪਕੀਨਾਂ ਦੀ ਵਰਤੋਂ ਕਰਦੀਆਂ ਸਨ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਇੰਨਫੈਕਸ਼ਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਸੀ। ਅਜੋਕੇ ਯੁਗ ਵਿੱਚ ਸੈਨਟਰੀ ਨੈਪਕੀਨ ਵਰਗੇ ਉਤਪਾਦ ਬਜ਼ਾਰ ਵਿੱਚ ਉਪਲਬਧ ਹਨ ਪਰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਕਈ ਵਾਰ ਝਿਜ਼ਕ ਕਾਰਨ ਅਤੇ ਕਈ ਵਾਰ ਪੈਸਿਆ ਦੀ ਅਣਹੋਂਦ ਕਾਰਨ ਇਨ੍ਹਾਂ ਨੂੰ ਖਰੀਦਣ ਤੋਂ ਅਸਮਰਥ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸੈਨਟਰੀ ਪੈਡਾਂ ਨੂੰ ਮੁਫਤ ਉਪਲਬਧ ਕਰਵਾਏ ਜਾਣ ਨਾਲ ਲੜਕੀਆਂ ਦੀ ਸਿਹਤ ਅਤੇ ਮਨੋਬਲ ਦੋਨਾਂ ਵਿੱਚ ਸੁਧਾਰ ਆਇਆ ਹੈ। ਜਿੱਥੇ ਸੈਨਟਰੀ ਨੈਪਕੀਨ ਨਾਲ ਉਨ੍ਹਾਂ ਨੂੰ ਨਿੱਜੀ ਸਾਫ ਸਫਾਈ ਰੱਖਣ ਵਿੱਚ ਮਦਦ ਮਿਲੀ ਹੈ ਉੱਥੇ ਇੰਨਸਨਰੇਟਰ ਮਸ਼ੀਨਾਂ ਨਾਲ ਸੈਨਟਰੀ ਨੈਪਕੀਨਾਂ ਦਾ ਸਹੀ ਢੰਗ ਨਾਲ , ਪ੍ਰਦੂਸ਼ਣ ਮੁਕਤ ਨਿਪਟਾਰਾ ਹੋ ਜਾਂਦਾ ਹੈ।