ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2021: ਨਗਰ ਨਿਗਮ ਬਠਿੰਡਾ ਦੇ ਕੌਂਸਲਰ ਬਣਨ ਦੀ ਦੌੜ ’ਚ ਲੱਗੇ ਸਿਆਸੀ ਨੇਤਾ ਹੁਣ ਸੋਸ਼ਲ ਸਾਈਟਾਂ ਨੂੰ ਕਿਸਮਤ ਦੀ ਪੁੜੀ ਮੰਨ ਕੇ ਹਾਊਸ ‘ਚ ਪੁੱਜਣ ਦੇ ਸੁਪਨੇ ਲੈਣ ਲੱਗੇ ਹਨ। ਇਹਨਾਂ ਲੀਡਰਾਂ ’ਚ ਅਕਾਲੀ ਦਲ,ਕਾਂਗਰਸ ,ਆਮ ਆਦਮੀ ਪਾਰਟੀ ਅਤੇ ਸੋਸ਼ਲ ਗੁਰੱਪ ਸਮੇਤ ਅਜਾਦ ੳਮੀਦਵਾਰ ਸ਼ਾਮਲ ਹਨ ਜਦੋਂਕਿ ਕਿਸਾਨ ਸੰਘਰਸ਼ ਕਾਰਨ ਭਾਰਤੀ ਜੰਤਾ ਪਾਰਟੀ ਹਾਲ ਦੀ ਘੜੀ ਹਾਸ਼ੀਏ ਤੇ ਚੱਲ ਰਹੀ ਹੈ। ਐਤਕੀਂ ਵੱਡੀ ਗਿਣਤੀ ਸਿਆਸੀ ਆਗੂਆਂ ਦੀਆਂ ਪਤਨੀਆਂ ਚੋਣ ਮੈਦਾਨ ’ਚ ਉੱਤਰੀਆਂ ਹੋਈਆਂ ਹਨ ਹੈ। ਬਠਿੰਡਾ ਦਾ ਮਾਮਲਾ ਹਾਈਕੋਰਟ ’ਚ ਹੋਣ ਕਰਕੇ ਅਜੇ ਰਿਵਾਇਤੀ ਚੋਣ ਪ੍ਰਚਾਰ ਕਾਂਗਰਸ ਨੂੰ ਛੱਡਕੇ ਬਾਕੀਆ ਪਾਰਟੀਆਂ ਦਾ ਠੰਢਾ ਹੈ ਪਰ ਸੋਸ਼ਲ ਮੀਡੀਏ ‘ਤੇ ਵੋਟਾਂ ਮੰਗਣ ਦੇ ਅਮਲ ਨੇ ਹੁਣੇ ਹੀ ਤੇਜ਼ੀ ਫੜ ਲਈ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਨਾਲ ਨੌਜਵਾਨ ਪੀੜੀ ਵੱਡੀ ਪੱਧਰ ਤੇ ਜੁੜੀ ਹੋਈ ਹੈ ।
ਸ਼ਹਿਰੀ ਹਲਕੇ ’ਚ ਮੁਕਾਬਲਾ ਸਖਤ ਹੋਣ ਕਾਰਨ ਇਸ ਵਾਰ ਸਾਰੀਆਂ ਰਾਜਸੀ ਪਾਰਟੀਆਂ ਅਤੇ ਅਜਾਦ ਉਮੀਦਵਾਰ ਨੌਜਵਾਨ ਵੋਟਰਾਂ ‘ਤੇ ਹੀ ਆਪਣਾ ਧਿਆਨ ਕੇਂਦਰਤ ਕਰ ਰਹੇ ਹਨ। ਦਿਲਚਸਪ ਪਹਿਲੂ ਹੈ ਕਿ ਪ੍ਰਚਾਰ ਦੇ ਇਸ ਸਾਧਨ ਦੀ ਵਰਤੋਂ ਦੌਰਾਨ ਕੋਈ ਅੜਿੱਕਾ ਵੀ ਨਹੀਂ ਹੈ ਜਿਸ ਕਰਕੇ ਆਉਂਦੇ ਦਿਨੀਂ ਹੋਰ ਵੀ ਤੇਜੀ ਫੜਨ ਦੀ ਸੰਭਾਵਨਾ ਹੈ । ਸ਼੍ਰੋਮਣੀ ਅਕਾਲੀ ਦਲ ਦੇ ਕੁੱਝ ਨੇਤਾ ਫੇਸਬੁੱਕ ਅਕਾਊਂਟ ‘ਤੇ ਬਠਿੰਡਾ ਦੇ ਮਾਮਲੇ ’ਚ ਕਾਂਗਰਸ ਸਰਕਾਰ ਨੂੰ ਕਟਹਿਰੇ ’ਚ ਖੜਾ ਕਰ ਰਹੇ ਹਨ ਜਦੋਂਕਿ ਕਾਂਗਰਸੀ ਉਮੀਦਵਾਰਾਂ ਵੱਲੋਂ ਆਪਣੀਆਂ ਪ੍ਰਾਪਤੀਆਂ ਦੱਸੀਆਂ ਜਾ ਰਹੀਆਂ ਹਨ। ਮਹੱਤਵਪੂਰਨ ਤੱਥ ਹੈ ਕਿ ਇਸ ਵਾਰ ਭੰਡੀ ਪ੍ਰਚਾਰ ਸਾਹਮਣੇ ਨਹੀਂ ਆਇਆ ਹੈ। ਉਮੀਦਵਾਰਾਂ ਵੱਲੋ ਫੇਸਬੁੱਕ ‘ਤੇ ਪੋਸਟ ਕੀਤੀਆਂ ਜਾ ਰਹੀਆਂ ਤਸਵੀਰਾਂ ਰਾਹੀਂ ਲੋਕਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਇਲਾਕੇ ਦੇ ਵਿਕਾਸ ਲਈ ਸੰਜੀਦਾ ਹਨ।
‘ਬਾਬੂਸ਼ਾਹੀ ਵੱਲੋਂ ਸੋਸ਼ਲ ਸਾਈਟਾਂ ਤੇ ਕੀਤੀ ਪੜਤਾਲ ਤੋਂ ਸਾਹਮਣੇ ਆਇਆ ਹੈ ਚੋਣ ਲੜ ਰਹੇ ਬਹੁਤੇ ਆਗੂ ਚੋਣਾਂ ਤੋਂ ਪਹਿਲਾਂ ਹੀ ਫੇਸਬੁੱਕ ਵਰਗੀ ਅਹਿਮ ਸੋਸ਼ਲ ਸਾਈਟ ਤੇ ਆਪਣੀ ਦਰਜ ਕਰਵਾਉਣ ਲੱਗ ਪਏ ਸਨ। ਖਾਸ ਤੌਰ ਤੇ ‘ਫੇਸਬੁੱਕ ਲਾਈਵ’ ਪਲੇਟਫਾਰਮ ਤਾਂ ਪਹਿਲੀ ਪਸੰਦ ਬਣਿਆ ਹੋਇਆ ਹੈ। ਸਾਬਕਾ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਸ਼ਿੰਦਾ ਆਪਣੀ ਪਤਨੀ ਉਮੀਦਵਾਰ ਦੇ ਹੱਕ ’ਚ ਡਟਿਆ ਹੋਇਆ ਹੈ ਤਾਂ ਵਾਰਡ ਨੰਬਰ 10 ਤੋਂ ਅਕਾਲੀ ਉਮੀਦਵਾਰ ਨੇ ਫੇਸਬੁੱਕ ਰਾਹੀਂ ਵੋਟਰਾਂ ਨੂੰ ਹੱਥ ਜੋੜੇ ਹਨ । ਟਰੱਕ ਯੂਨੀਅਨ ਆਗੂ ਅਤੇ ਕਾਂਗਰਸੀ ਨੇਤਾ ਟਹਿਲ ਸਿੰਘ ਬੁੱਟਰ ਆਪਣੀ ਪਤਨੀ ਮਨਜੀਤ ਕੌਰ ਬੁੱਟਰ ਦੇ ਹੱਕ ’ਚ ਅਪੀਲ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 26 ਤੋਂ ਉਮੀਦਵਾਰ ਮਿਨਾਕਸ਼ੀ ਜਿੰਦਲ ਦੇ ਹੱਕ ਪਤੀ ਸੰਜੀਵ ਜਿੰਦਲ ਜੋ ਪ੍ਰਾਈਵੇਟ ਸਕੂਲਾਂ ਤੋਂ ਪੀੜਤ ਮਾਪਿਆਂ ਦੇ ਹੱਕ ’ਚ ਲੜਾਈ ਲੜਦੇ ਰਹੇ ਹਨ, ਨੇ ਝਾੜੂ ਚੁੱਕਿਆ ਹੋਇਆ ਹੈ।
ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੇ ਸੁਨੀਲ ਬਾਂਸਲ ਅਤੇ ਉਸ ਦੀ ਉਮੀਦਵਾਰ ਪਤਨੀ ਨੇ ਵੋਟਰਾਂ ਕੋਲ ਗੇੜਾ ਵੀ ਮਾਰਿਆ ਹੈ ਅਤੇ ਸੋਸ਼ਲ ਮੀਡੀਆ ਤੇ ਸਰਗਰਮ ਹਨ। ਵਾਰਡ ਨੰਬਰ 16 ਤੋਂ ਬਠਿੰਡਾ ਸੋਸ਼ਲ ਗਰੁੱਪ ਦੇ ਉਮੀਦਵਾਰ ਅਤੇ ਪੇਸ਼ੇ ਵਜੋਂ ਪ੍ਰੈਸ ਫੋਟੋਗਰਾਫਰ ’ ਜਸਕਰਨ ਸਿੰਘ ਮੀਤ’ ਦਾ ਕਹਿਣਾ ਸੀ ਬਗੈਰ ਖਰਚ ਤੋਂ ਇਹ ਪ੍ਰਚਾਰ ਦੇ ਚੰਗਾ ਮਾਧਿਅਮ ਹੈ ਅਤੇ ਇਸ ਰਾਹੀਂ ਉਸ ਦੇ ਦੋਸਤਾਂ ਅਤੇ ਵੋਟਰਾਂ ਨੂੰ ਉਹਨਾਂ ਵੱਲੋਂ ਚੋਣ ਲੜਨ ਬਾਰੇ ਪਤਾ ਲੱਗ ਗਿਆ ਹੈ । ਇਸੇ ਤਰਾਂ ਹੀ ਮਰਹੂਮ ਪੱਤਰਕਾਰ ਹੁਕਮ ਚੰਦ ਸ਼ਰਮਾ ਦੇ ਪੁੱਤਰ ਅਕਾਲੀ ਉਮੀਦਵਾਰ ਹਰਵਿੰਦਰ ਸ਼ਰਮਾ ਉਰਫ ਗੰਜੂ ਵੱਲੋਂ ਵੀ ਚੋਣਾਂ ਲਈ ਜੰਗ ਛਿੜਦਿਆਂ ਹੀ ਫੇਸਬੱੁਕ ਤੇ ਆਪਣੇ ਪ੍ਰਚਾਰ ਨੂੰ ਸ਼ਾਮਲ ਕੀਤਾ ਹੋਇਆ ਹੈ।
ਸੂਤਰ ਦੱਸਦੇ ਹਨ ਕਿ ਸੋਸ਼ਲ ਸਾਈਟਾਂ ਦੀ ਵਰਤੋਂ ਕਰਨ ਵਾਲੇ ਲੀਡਰਾਂ ਤੇ ਖੁਫੀਆ ਵਿਭਾਗ ਨੇ ਵੀ ਬਾਜ ਅੱਖ ਰੱਖੀ ਹੋਈ ਹੈ। ਸੂਤਰਾਂ ਮੁਤਾਬਕ ਸੀਆਈਡੀ ਇਹ ਵੀ ਪਤਾ ਲਾ ਰਹੀ ਹੈ ਕਿ ਕਿਸ ਸੋਸ਼ਲ ਮੀਡੀਏ ਨੂੰ ਲੈ ਕੇ ਚੱਲ ਰਹੀ ਚੋਣ ਜੰਗ ਦੌਰਾਨ ਕਿਹੜੀ ਪਾਰਟੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ‘ਚ ਅੱਗੇ ਹੈ। ਇੱਕ ਸੀਨੀਅਰ ਅਧਿਕਾਰੀ ਨੇ ਆਫ ਦਾ ਰਿਕਾਰਡ ਦੱਸਿਆ ਕਿ ਅਸਲ ‘ਚ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਤੌਰ ਤੇ ਹੋਏ ਉਲਟ ਫੇਰ ਕਾਰਨ ਫੇਸਬੁੱਕ ਅਤੇ ਟਵਿੱਟਰ ਵਰਗੀਆਂ ਸਾਈਟਾਂ ਤੇ ਨਜ਼ਰ ਰੱਖਣਾ ਹੁਣ ਸਿਰਫ ਉਮੀਦਵਾਰਾਂ ਦੀ ਹੀ ਨਹੀਂ ਬਲਕਿ ਸੁਰੱਖਿਆ ਏਜੰਸੀਆਂ ਦੀ ਮਜਬੂਰੀ ਬਣ ਗਈ ਹੈ।
ਸੋਸ਼ਲ ਮੀਡੀਆ ਵੱਡਾ ਪਲੇਟਫਾਰਮ
ਬਠਿੰਡਾ ਸੋਸ਼ਲ ਗੁੱਰਪ ਦੇ ਆਗੂ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਏ ‘ਤੇ ਤੇਜ਼ ਹੋਇਆ ਚੋਣ ਪ੍ਰਚਾਰ ਲੋਕਾਂ ਵਿੱਚ ਬੜੀ ਦਿਲਚਸਪੀ ਵੀ ਪੈਦਾ ਕਰ ਰਿਹਾ ਹੈ । ਉਹਨਾਂ ਆਖਿਆ ਕਿ ਸੋਸ਼ਲ ਮੀਡੀਏ ‘ਤੇ ਰਾਜਨੀਤਕ ਪਾਰਟੀਆਂ ਦੀ ‘ਜੰਗ’ ਆਉਣ ਵਾਲੇ ਦਿਨਾਂ ‘ਚ ਹੋਰ ਵੀ ਭਖਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਪਿਛਲੇ ਇੱਕ ਦਹਾਕ ਦੌਰਾਨ ਸੋਸ਼ਲ ਮੀਡੀਆ ਸੰਚਾਰ ਦੇ ਇੱਕ ਵੱਡੇ ਪਲੇਟਫਾਰਮ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਉਹਨਾਂ ਆਖਿਆ ਅਜਿਹੀ ਅਹਿਮੀਅਤ ਕਾਰਨ ਹੀ ਹਰੇਕ ਸਿਆਸੀ ਪਾਰਟੀ ਇਸ ਮਾਧਿਅਮ ਰਾਹੀਂ ਨੌਜਵਾਨ ਵਰਗ ਅਤੇ ਵੱਡੀ ਉਮਰ ਦੇ ਵੋਟਰਾਂ ਨਾਲ ਸਿੱਧੇ ਤੌਰ ‘ਤੇ ਰਾਬਤਾ ਰੱਖਣ ਨੂੰ ਪਹਿਲ ਦੇ ਰਹੀ ਹੈ ।