ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 26 ਜਨਵਰੀ 2021 - ਅਮਰੀਕਾ ਦੇ ਇੰਡੀਆਨਾਪੋਲਿਸ ਵਿੱਚ ਹੋਏ ਇੱਕ ਸਮੂਹਿਕ ਕਤਲੇਆਮ ਨੇ ਇੱਕ ਗਰਭਵਤੀ ਮਹਿਲਾ ਸਮੇਤ ਛੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਦੇ ਅਨੁਸਾਰ ਐਤਵਾਰ ਸਵੇਰੇ ਇੰਡੀਆਨਾਪੋਲਿਸ ਦੇ ਇੱਕ ਘਰ ਵਿੱਚ ਹੋਈ ਗੋਲੀਬਾਰੀ ਦੌਰਾਨ ਛੇ ਲੋਕ ਮਾਰੇ ਗਏ ਜਦਕਿ ਇੱਕ ਹੋਰ ਨਾਬਾਲਗ ਬੱਚਾ ਗੰਭੀਰ ਹਾਲਤ ਨਾਲ ਹਸਪਤਾਲ ਵਿੱਚ ਦਾਖਲ ਹੈ। ਇਸ ਘਟਨਾ ਸੰਬੰਧੀ ਇੰਡੀਆਨਾਪੋਲਿਸ ਦੇ ਮੇਅਰ ਜੋ ਹੌਗਸੈੱਟ ਅਤੇ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਮੁਖੀ ਰੈਂਡਲ ਟੇਲਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਗੋਲੀਬਾਰੀ ਨੂੰ "ਸਮੂਹਿਕ ਕਤਲ" ਵਜੋਂ ਦੱਸਿਆ ਹੈ। ਪੁਲਿਸ ਅਨੁਸਾਰ ਇਹ ਗੋਲੀਬਾਰੀ ਐਡਮਜ਼ ਸਟ੍ਰੀਟ ਦੇ 3500 ਬਲਾਕ ਵਿੱਚ ਐਤਵਾਰ ਤੜਕੇ ਹੋਈ ਸੀ ਅਤੇ ਪੁਲਿਸ ਅਧਿਕਾਰੀ ਇਸ ਬਾਰੇ ਸੂਚਨਾ ਮਿਲਣ ਤੇ ਕਾਰਵਾਈ ਕਰਦਿਆਂ ਈ 36 ਸਟ੍ਰੀਟ ਦੇ ਨੇੜੇ 3300 ਬਲਾਕ ਵਿਖੇ ਸਵੇਰੇ 3:45 ਵਜੇ ਪਹੁਚੀ ਜਿੱਥੇ ਪੁਲਿਸ ਨੂੰ ਪਹਿਲਾਂ ਇੱਕ ਨਾਬਾਲਗ ਬੱਚਾ ਗੋਲੀਆਂ ਨਾਲ ਜ਼ਖਮੀ ਮਿਲਿਆ,ਜਿਸਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ।
ਇਸ ਤੋਂ ਬਾਅਦ, ਪੁਲਿਸ ਸਵੇਰੇ 4 ਵਜੇ ਦੇ ਕਰੀਬ ਐਡਮਜ਼ ਸਟ੍ਰੀਟ ਦੇ ਸਥਾਨ ਤੇ ਪਹੁੰਚੀ ਜਿੱਥੇ ਅਧਿਕਾਰੀਆਂ ਨੂੰ ਇੱਕ ਘਰ ਦੇ ਅੰਦਰ ਗੋਲੀਬਾਰੀ ਦੇ ਸ਼ਿਕਾਰ ਕਈ ਛੇ ਲੋਕ ਮਿਲੇ ਜਿਹਨਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਿਲ ਸੀ।
ਖੇਤਰ ਦੇ ਪੁਲਿਸ ਮੁਖੀ ਟੇਲਰ ਅਨੁਸਾਰ ਇਸ ਗੋਲੀਬਾਰੀ ਦੇ ਸੰਬੰਧ ਵਿੱਚ ਮਿਲੇ ਸਬੂਤਾਂ ਦੇ ਆਧਾਰ ਤੇ ਇਹ ਇੱਕ ਮਿਥਿਆ ਹੋਇਆ ਕਤਲੇਆਮ ਹੈ ,ਜਦਕਿ ਇਸ ਸੰਬੰਧੀ ਫਿਲਹਾਲ ਕੋਈ ਗ੍ਰਿਫਤਾਰੀ ਨਹੀ ਹੋਈ ਹੈ। ਪੁਲਿਸ ਅਨੁਸਾਰ ਬੇਰਹਿਮੀ ਨਾਲ ਕਤਲ ਕੀਤੇ ਗਏ ਇਹਨਾਂ ਛੇ ਵਿਅਕਤੀਆਂ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।