ਅਸ਼ੋਕ ਵਰਮਾ
ਬਠਿੰਡਾ, 26 ਜਨਵਰੀ2021 : ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਬਠਿੰਡਾ ’ਚ ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ, ਸਾਧੂ ਸਿੰਘ ਧਰਮਸੋਤ ਨੇ ਕੌਮੀ ਝੰਡਾ ਲਹਿਰਾਇਆ। ਇੱਥੋਂ ਦੇ ਸਰਕਾਰੀ ਰਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ’ਚ ਮਨਾਏ ਗਏ ਜ਼ਿਲਾ ਪੱਧਰੀ ਸਮਾਗਮ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਬੀ.ਸ੍ਰੀਨਿਵਾਸਨ, ਆਈ.ਜੀ ਜਸਕਰਨ ਸਿੰਘ ਤੇ ਐਸ. ਐਸ. ਪੀ. ਭੁਪਿੰਦਰ ਜੀਤ ਸਿੰਘ ਵਿਰਕ ਮੌਜੂਦ ਰਹੇ।
ਇਸ ਮੌਕੇ ਪੰਜਾਬ ਪੁਲਿਸ, ਹੋਮ ਗਾਰਡਜ ਤੋਂ ਇਲਾਵਾ ਐਨ.ਸੀ.ਸੀ. ਸਕਾਊਟਸ ਤੇ ਗਾਈਡਜ਼ ਦੀਆਂ ਟੁਕੜੀਆਂ ਵੱਲੋਂ ਮਾਰਚ ਪਾਸਟ ਕਰਕੇ ਕੌਮੀ ਝੰਡੇ ਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗਣਤੰਤਰ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਇਸ ਇਤਿਹਾਸਕ ਦਿਨ ਮੌਕੇ ਪੰਜਾਬ ਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧਤਾ, ਆਤਮ ਸਮਰਪਣ ਅਤੇ ਪੂਰੇ ਭਰੋਸੇ ਤੇ ਸ਼ਿੱਦਤ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ।
ਉਹਨਾਂ ਕਿਹਾ, ‘‘ਅੱਜ ਅਸੀਂ ਦੇਸ਼ ਦਾ 72ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ। ਮੈਂ ਇਸ ਇਤਿਹਾਸਕ ਦਿਹਾੜੇ ’ਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਅਤੇ ਦੇਸ਼ ਨੂੰ ਇੱਕ ਮਾਲਾ ’ਚ ਪਰੋਣ ਵਾਲਾ ਸੰਵਿਧਾਨ ਦੇਣ ਵਾਲੇ ਭਾਰਤ ਦੇ ਸੰਵਿਧਾਨ ਸਭਾ ਦੇ ਸਮੂਹ ਮੈਂਬਰਾਂ ਅਤੇ ਸੰਵਿਧਾਨ ਸਭਾ ਦੇ ਮੁਖੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੂੰ ਪ੍ਰਣਾਮ ਕਰਦਾ ਹਾਂ। ਦੇਸ਼ ਦੀ ਫ਼ੌਜ, ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੇ ਪੁਲਿਸ ਬਲਾਂ ਵੱਲੋਂ ਦੇਸ਼ ਦੀ ਗਣਤੰਤਰਤਾ ਅਤੇ ਸੰਵਿਧਾਨ ਦੀ ਰਾਖੀ ਲਈ ਕੀਤੇ ਬਲੀਦਾਨ ਨੂੰ ਵੀ ਸਲਾਮ ਕਰਦਾ ਹਾਂ।’’ ਉਹਨਾਂ ਕਿਹਾ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਡੇ ਮੁਲਕ ਨੂੰ ਧਰਮ ਨਿਰਪੱਖ ਅਤੇ ਜ਼ਮਹੂਰੀ ਗਣਰਾਜ ਕਿਹਾ ਗਿਆ ਹੈ, ਧਰਮ ਨਿਰਪੱਖਤਾ ਅਤੇ ਜ਼ਮਹੂਰੀਅਤ ਸਾਡੇ ਮੁਲਕ ਦੀ ਰੂਹ ਹੈ, ਜਿਸ ਨੂੰ ਬਚਾਉਣਾ ਸਾਡੇ ਸਾਰਿਆਂ ਦਾ ਮੁਢਲਾ ਫ਼ਰਜ਼ ਹੈ।
ਧਰਮਸੋਤ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਦੇਸ਼ ਦੇ ਅੰਨਦਾਤਾ ਕਿਸਾਨਾਂ ਦੀਆਂ ਮੰਗਾਂ ਨੂੰ ਵਾਪਸ ਲਵੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਸੁੱਖੀ-ਸਾਂਦੀ ਵਾਪਸ ਪਰਤ ਸਕਣ। ਇਸ ਮੌਕੇ ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਏਡੀਸੀ (ਜਨਰਲ) ਰਾਜਦੀਪ ਸਿੰਘ ਬਰਾੜ, ਆਰ.ਟੀ.ਏ. ਮੈਡਮ ਹਰਜੋਤ ਕੌਰ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਅਰੁਣ ਵਧਾਵਨ ਅਤੇ ਅਸ਼ੋਕ ਪ੍ਰਧਾਨ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।