ਅਸ਼ੋਕ ਵਰਮਾ
ਬਠਿੰਡਾ, 26 ਜਨਵਰੀ2021 : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਕੌਮੀ ਬਾਲੜੀ ਦਿਵਸ ਅਤੇ ਸੂਬਾ ਪੱਧਰੀ ਮੈਗਾ ਸਵੈ ਰੁਜ਼ਗਾਰ ਲੋਨ ਮੇਲੇ ਨਾਲ ਜ਼ਿਲਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਬਠਿੰਡਾ ਤੋਂ ਵਰਚੂਅਲ ਮੀਟਿੰਗ ਨਾਲ ਜੁੜਨ ਉਪਰੰਤ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਮਨਜ਼ੂਰੀ ਪੱਤਰਾਂ ਦੀ ਵੰਡ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਵੀ ਹਾਜ਼ਰ ਰਹੇ।ਬਾਬਾ ਫ਼ਰੀਦ ਇੰਸਟੀਚਿਊਟ ਵਿਖੇ ਕਰਵਾਏ ਗਏ ਵਰਚੂਅਲ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ‘ਬੇਟੀ ਬਚਾਓ ਅਤੇ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਲੜਕੀਆਂ ਨੂੰ ਸ਼ਾਲ ਅਤੇ ਟ੍ਰੈਕ ਸੂਟ ਮੁਹੱਈਆ ਕਰਵਾਏ ਤੇ ਨਵਜੰਮੀਆਂ ਧੀਆਂ ਦੇ ਮਾਪਿਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਡਿਜ਼ਟਲ ਪਲੇਟਫਾਰਮ ਰਾਹੀਂ ਰੋਜ਼ਗਾਰ ਦੇ ਮੌਕਿਆਂ ਦੀ ਸਹੂਲਤ ਲਈ ‘ਘਰ-ਘਰ ਰੋਜ਼ਗਾਰ’ ਪੋਰਟਲ ਸ਼ੁਰੂ ਕੀਤਾ ਹੈ ਜਿਸ ਵਿੱਚ ਬੇਰੁਜ਼ਗਾਰ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਰਜਿਸਟਰ ਹਨ। ਉਹਨਾਂ ਕਿਹਾ ਕਿ ਇਸ ਪੋਰਟਲ ਜ਼ਰੀਏ ਹੁਣ ਨੌਜਵਾਨ ਘਰ ਬੈਠੇ ਹੀ ਆਪਣੀ ਪਸੰਦ ਦਾ ਰੁਜ਼ਗਾਰ ਜਾਂ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਕਰਜੇ ਦੀਆਂ ਸੁਵਿਧਾਵਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਮੌਕੇ ਕੈਬਨਿਟ ਮੰਤਰੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਏ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬਾਬਾ ਫ਼ਰੀਦ ਗਰੁੱਪ ਆਫ਼ ਇੰਸੀਚਿਊਟ ਦੀ ਹੋਣਹਾਰ ਵਿਦਿਆਰਥਣ ਸੁਖਦੀਪ ਕੌਰ ਨੂੰ ਸਨਮਾਨਿਤ ਕੀਤਾ ਜਿਸ ਦੀ ਬਾਇਜੂਸ ਕੰਪਨੀ ਨੇ 10 ਲੱਖ ਰੁਪਏ ਦਾ ਸਲਾਨਾ ਪੈਕਜ਼ ਲਈ ਚੋਣ ਕੀਤੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਰੋਜ਼ਗਾਰ ’ਤੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬੀਤੇ ਦਸੰਬਰ ਮਹੀਨੇ ਦੌਰਾਨ ਲਗਾਏ ਗਏ ਵੱਖ-ਵੱਖ ਰੁਜ਼ਗਾਰ ਲੋਨ ਮੇਲਿਆਂ ਦੌਰਾਨ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਜਿਰਹਨਾਂ ਵਿਅਕਤੀਆਂ ਨੇ ਕਰਜਾ ਲੈਣ ਲਈ ਅਪਲਾਈ ਕੀਤਾ ਸੀ, ਉਹਨਾਂ ’ਚੋਂ 55 ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰਾਂ ਦੀ ਵੰਡ ਕੀਤੀ । ਇਸ ਮੌਕੇ ਏਡੀਸੀ ਵਿਕਾਸ ਪਰਮਵੀਰ ਸਿੰਘ, ਲੀਡ ਬੈਂਕ ਮੈਨੇਜ਼ਰ ਜੈ ਸ਼ੰਕਰ ਸ਼ਰਮਾ, ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਦੇ ਡਿਪਟੀ ਸੀ.ਈ.ਓ. ਤੀਰਥਪਾਲ ਸਿੰਘ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਆਦਿ ਹਾਜ਼ਰ ਸਨ।