ਅਸ਼ੋਕ ਵਰਮਾ
ਮਾਨਸਾ, 26 ਜਨਵਰੀ 2021 - ਦੇਸ਼ ਦੇ 72ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਆਯੋਜਿਤ ਜ਼ਿਲਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਸ੍ਰੀ ਸਿੰਗਲਾ ਨੇ ਇਸ ਮੌਕੇ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਵਡਮੁੱਲੀਆਂ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੰੂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੰਦੇਸ਼ ਦਿੰਦਿਆਂ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਕਿਹਾ ਕਿ ਉਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੰੂ ਸਲਾਮ ਕਰਦੇ ਹਨ ਜਿਹਨਾਂ ਨੇ ਦੇਸ਼ ਨੰੂ ਇਕ ਅਜਿਹਾ ਸੰਵਿਧਾਨ ਦਿੱਤਾ, ਜਿਸ ਨਾਲ ਦੇਸ਼ ਇੱਕ ਮਾਲਾ ਵਿੱਚ ਪਰੋਇਆ ਗਿਆ। ਇਸ ਮੌਕੇ ਉਹਨਾਂ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਦੇਸ਼ ਦੇ ਅੰਨਦਾਤਿਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਸਿੰਗਲਾ ਨੇ ਪੰਜਾਬ ਸਰਕਾਰ ਵੱਲੋਂ ਰਾਜ ਦੀ ਬਿਹਤਰੀ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨੀ, ਸਿਹਤ ਸੇਵਾਵਾਂ, ਸੜਕਾਂ, ਸਿੱਖਿਆ ਲਈ ਕੀਤੇ ਕਾਰਜਾਂ ਨੂੰ ਰਾਜ ਦੇ ਲੋਕ ਚੰਗੀ ਤਰਾਂ ਨਾਲ ਜਾਣਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦੇ ਰਾਖੇ ਦੇ ਨਾਲ ਨਾਲ ਕਿਸਾਨੀ ਦਾ ਰਾਖਾ ਵੀ ਮੰਨਿਆ ਜਾਂਦਾ ਹੈ ਅਤੇ ਕਿਸਾਨਾਂ ਲਈ ਵੱਡੇ ਉਪਰਾਲਿਆਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ।
ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਮੀਲ ਪੱਥਰ ਕਾਇਮ ਕਰਦਿਆਂ 303 ਕਰੋੜ ਰੁਪਏ ਦੀ ਲਾਗਤ ਨਾਲ 7800 ਤੋਂ ਵੱਧ ਪ੍ਰਾਇਮਰੀ, ਮਿਡਲ ਤੇ ਹਾਈ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਤਬਦੀਲ ਕੀਤਾ ਗਿਆ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਲਈ ਪੌਣੇ ਦੋ ਲੱਖ ਬੱਚਿਆਂ ਨੂੰ ਮੁਫ਼ਤ ਮੋਬਾਇਲ ਫੋਨ ਦਿੱਤੇ ਗਏ। ਸ਼੍ਰੀ ਸਿੰਗਲਾ ਨੇ ਕਿਹਾ ਕਿ ਮੈਰਿਟ ਦੇ ਆਧਾਰ ’ਤੇ ਆਨਲਾਈਨ ਟੀਚਰ ਟਰਾਂਸਫਰ ਪਾਲਿਸੀ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਦੀ ਗਿਣਤੀ ਵਧੀ ਹੈ ਅਤੇ 3.5 ਲੱਖ ਨਵੇਂ ਦਾਖਲੇ ਹੋਏ ਹਨ।
ਉਹਨਾਂ ਕਿਹਾ ਕਿ ਸੜਕੀ ਨੈਟਵਰਕ ਦੀ ਮਜ਼ਬੂਤੀ ਲਈ 3260 ਕਰੋੜ ਦੀ ਲਾਗਤ ਨਾਲ 29345 ਕਿਲੋਮੀਟਰ ਿਕ ਸੜਕਾਂ ਦੀ ਮੁਰੰਮਤ, 160 ਕਿਲੋਮੀਟਰ ਚਾਰ ਮਾਰਗੀ ਨੈਸ਼ਨਲ ਹਾਈਵੇ ਦਾ ਨਿਰਮਾਣ ਵੀ ਸ਼ਾਮਲ ਹਨ। ਸ਼੍ਰੀ ਸਿੰਗਲਾ ਨੇ ਕਿਹਾ ਕਿ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੀ ਸੁਵਿਧਾ ਲਈ ਸਮਾਰਟ ਵਿਲੇਜ ਸਕੀਮ ਤਹਿਤ 2622 ਕਰੋੜ ਰੁਪਏ ਖਰਚੇ ਗਏ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੰਗਰੂਰ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਕੈਂਸਰ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਇੱਕ ਵੱਡੀ ਸੁਵਿਧਾ ਹੈ ਜਿਸ ਦਾ ਲਾਭ ਨਾ ਕੇਵਲ ਸੰਗਰੂਰ ਬਲਕਿ ਪੰਜਾਬ ਸਮੇਤ ਹੋਰ ਰਾਜਾਂ ਦੇ ਲੋੜਵੰਦ ਵੀ ਉਠਾਉਂਦੇ ਹਨ ਜਿੱਥੇ ਪੀੜਤਾਂ ਦਾ 90 ਫੀਸਦੀ ਇਲਾਜ ਮੁਫ਼ਤ ਹੁੰਦਾ ਹੈ।
ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮਗਰੋਂ ਪਰੇਡ ਟੁਕੜੀਆਂ ਦਾ ਨਿਰੀਖਣ ਕੀਤਾ ਗਿਆ ਅਤੇ ਡੀ.ਐਸ.ਪੀ ਬੁਢਲਾਡਾ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾਵਾਂ, ਹੋਮਗਾਰਡਜ਼, ਐਨ.ਸੀ.ਸੀ ਕੈਡਿਟ ਤੇ ਸਕਾਊਟ ਦੀਆਂ ਟੁਕੜੀਆਂ ਦੁਆਰਾ ਕੀਤੀ ਗਈ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਵੀ ਹਾਜਰ ਸਨ।
ਇਸ ਤੋਂ ਇਲਾਵਾ ਉਹਨਾਂ ਲੋੜਵੰਦਾਂ ਨੂੰ ਟਰਾਈ ਸਾਈਕਲਾਂ ਪ੍ਰਦਾਨ ਕੀਤੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ।ਕੈਬਨਿਟ ਮੰਤਰੀ ਨੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ 60 ਤੋਂ ਵੱਧ ਸ਼ਖ਼ਸੀਅਤਾਂ ਦਾ ਜ਼ਿਲਾ ਪੱਧਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਅਤੇ ਪਰੇਡ ਕਮਾਂਡਰ, ਵੱਖ ਵੱਖ ਟੁਕੜੀਆਂ ਦੇ ਕਮਾਂਡਰਾਂ ਨੂੰ ਵੀ ਸਨਮਾਨਿਤ ਕੀਤੇ । ਸਮਾਗਮ ਦੌਰਾਨ ਸਕੂਲੀ ਬੱਚਿਆਂ ਨੇ ਗੁਬਾਰੇ ਵੀ ਛੱਡੇ ਅਤੇ ਅਖੀਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਪੇਸ਼ ਕੀਤਾ।
ਸਮਾਗਮ ਦੌਰਾਨ ਕੈਬਨਿਟ ਮੰਤਰੀ ਦੇ ਧਰਮਪਤਨੀ ਤੇ ਬੱਚਿਆਂ ਤੋਂ ਇਲਾਵਾ ਜ਼ਿਲਾ ਤੇ ਸੈਸ਼ਨਜ ਜੱਜ ਮਨਦੀਪ ਪੰਨੂ ਸਮੇਤ ਹੋਰ ਜੁਡੀਸ਼ੀਅਲ ਅਧਿਕਾਰੀ, ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ, ਚੇਅਰਮੈਨ ਜ਼ਿਲਾ ਯੋਜਨਾ ਬੋਰਡ ਪ੍ਰੇਮ ਮਿੱਤਲ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਕੁਲਵੰਤ ਰਾਏ ਸਿੰਗਲਾ, ਰਣਜੀਤ ਕੌਰ ਭੱਟੀ, ਮੰਜੂ ਬਾਂਸਲ, ਗੁਰਪ੍ਰੀਤ ਕੌਰ ਗਾਗੋਵਾਲ, ਵਾਈਸ ਚੇਅਰਮੈਨ ਸਫਾਈ ਕਰਮਚਾਰੀ ਯੂਨੀਅਨ ਰਾਮ ਸਿੰਘ, ਅਰਸ਼ਦੀਪ ਸਿੰਘ ਗਾਗੋਵਾਲ, ਲਖਵਿੰਦਰ ਸਿੰਘ ਲਖਨਪਾਲ, ਏ.ਡੀ.ਜੀ.ਪੀ ਅਮਰਦੀਪ ਸਿੰਘ ਰਾਏ, , ਏ.ਡੀ.ਸੀ ਸੁਖਪ੍ਰੀਤ ਸਿੰਘ ਸਿੱਧੂ, ਏ.ਡੀ.ਸੀ ਵਿਕਾਸ ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ ਸ਼ਿਖਾ ਭਗਤ ਸਮੇਤ ਵੱਡੀ ਗਿਣਤੀ ਵਿੱਚ ਹੋਰ ਅਧਿਕਾਰੀ, ਆਗੂ ਤੇ ਵਿਦਿਆਰਥੀ ਵੀ ਹਾਜ਼ਰ ਸਨ।