ਦੀਪਕ ਜੈਨ
- ਐਸਡੀਐਮ ਸਾਹਿਬ ਮਨਾਉਂਦੇ ਰਹੇ , ਪਰ ਗੱਲ ਨਾ ਬਣੀ
ਜਗਰਾਉਂ, 26 ਜਨਵਰੀ 2021 – ਜਗਰਾਉਂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਸਫਾਈ ਪ੍ਰਬੰਧ ਬਹੁਤ ਹੀ ਪੁਖਤਾ ਵੇਖਣ ਨੂੰ ਮਿਲੇ। ਇਸ ਲਈ ਸਫਾਈ ਸੇਵਕਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਰ ਮੇਹਨਤ ਕੀਤੀ ਜਾ ਰਹੀ ਸੀ ਅਤੇ ਸਾਫ ਸੁਥਰਾ ਵਾਤਾਵਰਨ ਬਣਾਇਆ ਗਿਆ। ਸਫਾਈ ਦੀ ਸਾਰੀ ਜ਼ਿੰਮੇਵਾਰੀ ਨਿਭਾਉਣ ਵਾਲੇ ਸਫ਼ਾਈ ਸੇਵਕ ਅੱਜ ਉਸ ਸਮੇਂ ਨਾਰਾਜ਼ ਹੋ ਗਏ ਜਦੋਂ ਉਨ੍ਹਾਂ ਨੂੰ ਸਨਮਾਨ ਨਾ ਦਿੱਤਾ ਗਿਆ। ਸਫਾਈ ਸੇਵਕਾਂ ਵਲੋਂ ਮੌਕੇ 'ਤੇ ਹੀ ਇਸ ਗੱਲ ਦਾ ਵਿਰੋਧ ਜਤਾਇਆ ਗਿਆ।
ਨਾਰਾਜ ਹੋਏ ਸਫ਼ਾਈ ਸੇਵਕਾਂ ਨੇ ਮੀਡੀਆ ਨਾਲ ਰੂਬਰੂ ਹੁੰਦਿਆਂ ਦਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਬਾਰ ਕਿਹਾ ਗਿਆ ਸੀ ਕਿ ਆਪ ਵਲੋਂ ਜੋ ਸੇਵਾ ਨਿਭਾਈ ਜਾਂਦੀ ਹੈ ਉਸ ਲਈ ਆਪ ਦਾ ਸਨਮਾਨ ਕੀਤਾ ਜਾਵੇਗਾ ਅਤੇ ਇਸ ਲਈ 4 ਸਾਥੀ ਤਿਆਰ ਵੀ ਕੀਤੇ ਗਏ ਸੀ ਪਰ ਪ੍ਰਸ਼ਾਸਨ ਵਲੋਂ ਸਾਨੂੰ ਸਨਮਾਨ ਨਹੀਂ ਦਿੱਤਾ ਗਿਆ ਜਿਸ ਕਾਰਨ ਓਨਾ ਵਿਚ ਨਾਰਾਜਗੀ ਪਾਈ ਜਾ ਰਹੀ ਹੈ। ਓਨਾ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਸਾਨੂੰ ਕਿਸੇ ਵੀ ਤਰਾਂ ਦਾ ਕੋਈ ਸਨਮਾਨ ਦਿੱਤਾ ਜਾਵੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਹਿਣ 'ਤੇ ਹੀ 4 ਸਾਥੀ ਤਿਆਰ ਕੀਤਾ ਗਏ ਸਨ ਪਰ ਪ੍ਰਸ਼ਾਸਨ ਨੇ ਬਿਨਾ ਸਨਮਾਨ ਦਿਤੇ ਪ੍ਰੋਗਰਾਮ ਖਤਮ ਕਰ ਦਿੱਤਾ।
ਸਫਾਈ ਸੇਵਕਾਂ ਵਲੋਂ ਮੌਕੇ 'ਤੇ ਵਿਰੋਧ ਜਤਾਉਂਦਿਆਂ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੂੰ ਸਾਰੀ ਗੱਲ ਤਾਂ ਦਸੀ ਤਾਂ ਗੇਜਾ ਰਾਮ ਵਲੋਂ ਏਡੀਸੀ ਨੀਰੂ ਕਤਿਆਲ ਨਾਲ ਗੱਲਬਾਤ ਕੀੜੀ ਗਈ। ਉਸ ਤੋਂ ਮਗਰੋਂ ਐਸਡੀਐਮ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਸਫਾਈ ਸੇਵਕਾਂ ਨਾਲ ਗੱਲਬਾਤ ਕਰਦਿਆਂ ਓਨਾ ਨੂੰ ਮਨਾਉਂਦੇ ਨਜਰ ਆਏ ਪਰ ਸਫਾਈ ਸੇਵਕ ਮੰਨਣ ਨੂੰ ਤਿਆਰ ਨਹੀਂ ਹੋਏ ਅਤੇ ਵਿਰੋਧ ਜਤਾਉਂਦੇ ਰਹੇ। ਬਾਅਦ ਵਿਚ ਸਫਾਈ ਸੇਵਕਾਂ ਵਲੋਂ ਕਿਹਾ ਗਿਆ ਕਿ ਉਹ ਸਮਾਗਮ ਦਾ ਕੋਈ ਕੰਮ ਨਹੀਂ ਕਰਨਗੇ।